ਮੋਗਾ : ਪੰਜਾਬ ਦੇ ਕੋਟ ਈਸੇ ਖਾਂ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਅਤੇ ਹਿਰਦੇਵੇਧਕ ਘਟਨਾ ਸਾਹਮਣੇ ਆਈ ਹੈ। ਚੀਮਾ ਰੋਡ ‘ਤੇ ਸਥਿਤ ਸਾਧਾਂਵਾਲੀ ਬਸਤੀ ਨੇੜੇ ਰੇਤਾ-ਬਜਰੀ ਨਾਲ ਲੱਦੇ ਇੱਕ ਬੇਕਾਬੂ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ 1 ਸਾਲ ਦੇ ਮਾਸੂਮ ਬੱਚੇ ਦਿਵਿਆੰਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?
ਪ੍ਰਾਪਤ ਜਾਣਕਾਰੀ ਅਨੁਸਾਰ, ਸਾਧਾਂਵਾਲੀ ਬਸਤੀ ਦਾ ਰਹਿਣ ਵਾਲਾ ਜਤੀਨ ਆਪਣੇ 1 ਸਾਲ ਦੇ ਬੱਚੇ ਦਿਵਿਆੰਸ਼ ਨੂੰ ਵਾਕਰ ਵਿੱਚ ਬਿਠਾ ਕੇ ਗਲੀ ਦੇ ਬਾਹਰ ਮੁੱਖ ਸੜਕ ਕੋਲ ਖੜ੍ਹਾ ਸੀ। ਇਸੇ ਦੌਰਾਨ ਚੀਮਾ ਰੋਡ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਲਾਪਰਵਾਹੀ ਦਿਖਾਉਂਦੇ ਹੋਏ ਵਾਕਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਾਸੂਮ ਦਿਵਿਆੰਸ਼ ਸਿੱਧਾ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਪੁਲਿਸ ਖ਼ਿਲਾਫ਼ ਗੁੱਸਾ
ਹਾਦਸੇ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ ਅਤੇ ਬਸਤੀਵਾਸੀਆਂ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਦੀ ਲਾਪਰਵਾਹੀ ਕਾਰਨ ਇਹ ਮਾਸੂਮ ਜਾਨ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਮਾਮਲੇ ਵਿੱਚ ਢਿੱਲ ਵਰਤਣ ਅਤੇ ਸਖ਼ਤ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕੋਟ ਈਸੇ ਖਾਂ ਦੇ ਮੁੱਖ ਚੌਂਕ ਵਿੱਚ ਧਰਨਾ ਲਗਾ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਚਾਰੇ ਪਾਸਿਓਂ ਰਸਤੇ ਪੂਰੀ ਤਰ੍ਹਾਂ ਜਾਮ ਕਰ ਦਿੱਤੇ, ਜਿਸ ਕਾਰਨ ਟਰੈਫਕ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਖੁੱਲ੍ਹਿਆ ਜਾਮ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਥਾਣਾ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਸਪੱਸ਼ਟ ਕੀਤਾ ਕਿ ਦੋਸ਼ੀ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਬਣਦੀਆਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਠੋਸ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ, ਜਿਸ ਤੋਂ ਬਾਅਦ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



