ਦਿੱਲੀ : ਜਿੱਥੇ ਆਏ ਦਿਨ ਪੰਜਾਬ ਅਤੇ ਦਿੱਲੀ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆ ਹਨ। ਉੱਥੇ ਹੀ ਅੱਜ ਦਿੱਲੀ ਦੇ ਵਿਧਾਨ ਸਭਾ ਨੂੰ ਉਡਾਉਣ ਦੀ ਧਮਕੀ ਵਾਲਾ ਮੇਲ ਆਇਆ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦਹਿਸ਼ਤ ਭਰੀਆ ਮਾਹੌਲ ਬਣ ਗਿਆ ਹੈ। ਜਿਵੇਂ ਹੀ ਦਿੱਲੀ ਪੁਲਿਸ ਨੂੰ ਦਿੱਲੀ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਖਬਰ ਮਿਲੀ ਤਾਂ ਉਸ ਦੌਰਾਨ ਹੀ ਦਿੱਲੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਵਿਧਾਨ ਸਭਾ ਕੰਪਲੈਕਸ, ਸਕੱਤਰੇਤ, ਕਈ ਸਕੂਲਾਂ ਅਤੇ ਇੱਕ ਮੈਟਰੋ ਸਟੇਸ਼ਨ ਵਿੱਚ ਵੱਡੇ ਪੱਧਰ ‘ਤੇ ਸੁਰੱਖਿਆ ਅਭਿਆਸ ਸ਼ੁਰੂ ਕੀਤਾ। ਦੱਸ ਦੇਈਏ ਕਿ ਈਮੇਲ ਵਿੱਚ ਦਿਨ ਭਰ ਵੱਖ-ਵੱਖ ਸਮੇਂ ‘ਤੇ ਵਿਧਾਨ ਸਭਾ, ਸਕੱਤਰੇਤ, ਕੁਝ ਸਕੂਲਾਂ ਅਤੇ ਇੱਕ ਮੈਟਰੋ ਸਟੇਸ਼ਨ ‘ਤੇ ਸੰਭਾਵੀ ਧਮਾਕੇ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ।
ਜਿਵੇਂ ਹੀ ਦਿੱਲੀ ਪੁਲਿਸ ਨੂੰ ਜਾਣਕਾਰੀ ਮਿਲੀ ਉਸ ਦੌਰਾਨ ਹੀ ਦਿੱਲੀ ਪੁਲਿਸ ਤੁਰੰਤ ਹਰਕਤ ਵਿੱਚ ਆਈ, ਬੰਬ ਨਿਰੋਧਕ ਦਸਤੇ ਅਤੇ ਸਨਿਫਰ ਡੌਗ ਟੀਮਾਂ ਨੂੰ ਤਾਇਨਾਤ ਕਰਕੇ ਵਿਧਾਨ ਸਭਾ ਕੰਪਲੈਕਸ, ਸਕੱਤਰੇਤ ਅਤੇ ਨਿਸ਼ਾਨਾ ਬਣਾਏ ਗਏ ਸਕੂਲਾਂ ਅਤੇ ਮੈਟਰੋ ਸਟੇਸ਼ਨਾਂ ‘ਤੇ ਵਿਆਪਕ ਤੋੜ-ਭੰਨ ਵਿਰੋਧੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ, ਦਿੱਲੀ ਭਰ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਜਨਤਕ ਥਾਵਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ, ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਲਈ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਜਨਤਾ ਨੂੰ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਤੁਰੰਤ ਸੂਚਨਾ ਅਧਿਕਾਰੀਆਂ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ। ਅਜਿਹੀਆਂ ਧਮਕੀਆਂ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਸਕਦੀਆਂ ਹਨ। ਇਸ ਸੰਦਰਭ ਵਿੱਚ, ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ, ਅਜਿਹੇ ਖਤਰਿਆਂ ਦੇ ਸਰੋਤ ਦਾ ਪਤਾ ਲਗਾਉਣਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਬਹੁਤ ਮਹੱਤਵਪੂਰਨ ਹੈ।



