ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਚਲਾਇਆ ਹੋਇਆ ਹੈ ਪਰ ਇਸੇ ਵਿਚਾਲੇ ਅਮਰੀਕਾ ਵਿਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਹੁਣ ਮੁਸ਼ਕਿਲ ਜਾਪਦੀ ਹੈ। ਦਰਅਸਲ ਅਮਰੀਕੀ ਸਰਕਾਰ ਨੇ ਬੀਤੇ ਸੋਮਵਾਰ ਨੂੰ ਭਾਰਤ-ਅਮਰੀਕਾ ਹਵਾਬਾਜ਼ੀ ਸਮਝੌਤੇ ਦੀ ਆੜ ਹੇਠ ਅਣਉਚਿਤ ਅਤੇ ਪੱਖਪਾਤੀ ਨੀਤੀ ਅਪਣਾਉਣ ਦਾ ਆਰੋਪ ਲਗਾਉਂਦੇ ਹੋਏ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਮਰੀਕਾ ਨੇ ਕਿਹਾ ਹੈ ਕਿ ਇਸ ਮਿਸ਼ਨ ਦੇ ਨਾਲ ਭਾਰਤ ਏਅਰ ਇੰਡੀਆ ਦੀਆਂ ਫਲਾਈਟਾਂ ਨੂੰ ਮਨਮਨਰਜ਼ੀ ਨਾਲ ਆਪਰੇਟ ਕਰ ਰਿਹਾ ਹੈ। ਅਮਰੀਕਾ ਦਾ ਆਰੋਪ ਹੈ ਕਿ ਭਾਰਤ ਨੇ ਅਮਰੀਕੀ ਕੈਰਿਅਰ ਉੱਤੇ ਰੋਕ ਲਗਾਈ ਹੋਈ ਹੈ ਅਤੇ ਭਾਰਤ ਵੱਲੋਂ ਖੁਦ ਯਾਤਰੀਆਂ ਨੂੰ ਟਿਕਟ ਵੇਚੇ ਜਾ ਰਹੇ ਹਨ। ਅਮਰੀਕੀ ਟਰਾਂਸਪੋਰਟੇਸ਼ਨ ਵਿਭਾਗ ਮੁਤਾਬਕ ”ਭਾਰਤ ਸਰਕਾਰ ਨੇ ਦੂਜੇ ਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਲਿਆਉਣ ਲਈ ਏਅਰ ਇੰਡੀਆ ਦੇ ਪਲੇਨ ਲਗਾਏ ਹੋਏ ਹਨ। ਇਨ੍ਹਾਂ ਫਲਾਈਟਾਂ ਨੂੰ ਭਾਰਤ ਵੱਲੋਂ ਮਨਮਾਨੇ ਤਰੀਕੇ ਨਾਲ ਆਪਰੇਟ ਕੀਤਾ ਜਾ ਰਿਹਾ ਹੈ। ਅਮਰੀਕੀ ਏਅਰਲਾਈਨਾਂ ਲਈ ਭਾਰਤ ਵਿਚ ਰੋਕ ਲੱਗੀ ਹੋਈ ਹੈ ਅਤੇ ਭਾਰਤ ਅਮਰੀਕੀ ਫਲਾਈਟਾਂ ਲਈ ਭੇਦਭਾਵ ਵਾਲਾ ਰਵੱਈਆ ਅਪਣਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ (ਵਿੱਤੀ) ਨੁਕਸਾਨ ਉਠਾਉਣਾ ਪੈ ਰਿਹਾ ਹੈ”। ਵਿਭਾਗ ਨੇ ਕਿਹਾ ਹੈ ਕਿ ”ਇੰਡੋ-ਯੂਐਸ ਰੂਟ ਉੱਤੇ 22 ਜੂਨ ਤੋਂ ਏਅਰ ਇੰਡੀਆ ਨੂੰ ਚਾਰਟਡ ਪਲੇਨ ਫਲਾਈਟਾਂ ਦਾ ਆਗਿਆ ਨਹੀਂ ਹੋਵੇਗੀ। ਸਪੈਸ਼ਲ ਕੇਸ ਵਿਚ ਵਿਭਾਗ ਦੀ ਇਜ਼ਾਜਤ ਲੈਣੀ ਹੋਵੇਗੀ”।
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਭਾਰਤ ਵਿਚ ਘਰੇਲੂ ਉਡਾਣਾ ਤਾਂ ਸ਼ੁਰੂ ਹੋ ਗਈਆਂ ਹਨ ਪਰ ਅੰਤਰਰਾਸ਼ਟਰੀ ਉਡਾਣਾਂ ਉੱਤੇ ਅਜੇ ਰੋਕ ਹੈ ਪਰ ਦੂਜੇ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ।
