ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-1984 ਸਿੱਖ ਵਿਰੋਧੀ ਦੰਗਿਆਂ ਮਾਮਲੇ ਵਿਚ ਦੋਸ਼ੀ ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੀ ਜਮਾਨਤ ਅਰਜੀ ਉੱਤੇ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ ਜਿੱਥੇ ਸੱਜਣ ਕੁਮਾਰ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ।
ਦਰਅਸਲ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਬੰਦ ਸੱਜਣ ਕੁਮਾਰ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਮਾਨਤ ਮੰਗੀ ਸੀ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜੀ ਉੱਤੇ ਸੁਣਵਾਈ ਜੁਲਾਈ ਮਹੀਨੇ ਤੱਕ ਟਾਲਦੇ ਹੋਏ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ14 ਫਰਵਰੀ ਨੂੰ ਜਮਾਨਤ ਦੇਣ ਤੋਂ ਮਨਾ ਕਰ ਦਿੱਤਾ ਸੀ। ਦੱਸ ਦਈਏ ਕਿ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਦੀ ਡਬਲ ਬੈਂਚ ਨੇ 17 ਦਸੰਬਰ 2018 ਨੂੰ 1984 ਸਿੱਖ ਵਿਰੋਧੀ ਦੰਗਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਤੇ ਨਿਚਲੀ ਕੋਰਟ ਦੇ ਫ਼ੈਸਲੇ ਨੂੰ ਪਲਟਦੇ ਹੋਏ ਉੱਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਦੋਂ ਤੋਂ ਹੀ ਸੱਜਣ ਕੁਮਾਰ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਦਿੱਲੀ ਦੀ ਰਾਜਨੀਤੀ ਵਿਚ ਵੀ ਵੱਡਾ ਕੱਦ ਰਿਹਾ ਹੈ। ਉਸ ਨੇ 1980 ਵਿਚ ਆਪਣੀ ਪਹਿਲੀ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਸੱਜਣ ਕੁਮਾਰ ਨੇ ਕਾਂਗਰਸ ਦੀ ਟਿਕਟ ਉੱਤੇ 1991 ਤੇ 2004 ਵਿਚ ਵੀ ਚੋਣਾਂ ਲੜੀਆਂ ਸਨ ਤੇ ਦਿੱਲੀ ਤੋਂ ਸਾਂਸਦ ਬਣੇ ਸਨ।

