ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੀ ਚਪੇਟ ਵਿਚ ਹੁਣ ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬੱਚਨ ਵੀ ਆ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। 77 ਸਾਲਾਂ ਅਮਿਤਾਭ ਨੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ ਹੈ।
ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਮੈ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ। ਇਸ ਤੋਂ ਬਾਅਦ ਹਸਪਤਾਲ ਵਿਚ ਭਰਤੀ ਹੋ ਗਿਆ ਹੈ। ਹਸਪਤਾਲ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਮੇਰੇ ਪਰਿਵਾਰ ਦੇ ਲੋਕਾਂ ਅਤੇ ਸਟਾਫ ਨੇ ਵੀ ਕੋਰੋਨਾ ਟੈਸਟ ਕਰਵਾਇਆ ਹੈ ਜਿਸ ਦੇ ਨਤੀਜ਼ੇ ਦਾ ਇੰਤਜ਼ਾਰ ਹੈ”। ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਕੁੱਝ ਹੀ ਦੇਰ ਬਾਅਦ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਜਿਸ ਦੀ ਜਾਣਕਾਰੀ ਵੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ। ਅਭਿਸ਼ੇਕ ਬੱਚਨ ਨੇ ਆਪਣੇ ਟਵੀਟ ਵਿਚ ਕਿਹਾ ਕਿ ”ਮੈਨੂੰ ਅਤੇ ਮੇਰੇ ਪਿਤਾ ਨੂੰ ਅੱਜ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਸਾਨੂੰ ਕੋਰੋਨਾ ਦੇ ਬਹੁਤ ਹੀ ਹਲਕੇ ਲੱਛਣ ਸਨ ਅਤੇ ਸਾਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਹੈ”। ਉੱਥੇ ਹੀ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਅਮਿਤਾਭ ਅਤੇ ਅਭਿਸ਼ੇਕ ਦੋਣਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਸਨ। ਜਦੋਂ ਇਨ੍ਹਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਗਿਆ ਤਾਂ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਇਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਰਾਜੇਸ਼ ਟੋਪੇ ਨੇ ਕਿਹਾ ਕਿ ਅਜੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਦੋਵਾਂ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਹੁਣ ਅਮਿਤਾਭ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
