ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਫਰਵਰੀ ਮਹੀਨੇ ‘ਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਚੱਲ ਰਹੀ ਰੈਲੀ ਦੌਰਾਨ ਇਕ ਅਮੂਲਿਆ ਲਿਓਨਾ ਨਾਮ ਦੀ 20 ਸਾਲਾਂ ਲੜਕੀ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ ਜਿਸ ਨੂੰ ਪੁਲਿਸ ਨੇ ਦੇਸ਼ਧ੍ਰੋਹ ਦੇ ਆਰੋਪ ਵਿਚ ਗਿਰਫ਼ਤਾਰ ਕਰ ਲਿਆ ਸੀ ਪਰ ਹੁਣ ਇਸ ਲੜਕੀ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਰੈਲੀ ਵਿਚ AIMIM ਦੇ ਮੁੱਖੀ ਅਸਦੁਦੀਨ ਓਵੈਸੀ ਵੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਬੈਂਗਲੁਰੂ ਪੁਲਿਸ ਨੇ ਉਸ ਦੀ ਗਿਰਫਤਾਰੀ ਤੋਂ 90 ਦਿਨ ਬਾਅਦ 20 ਮਈ ਤੱਕ ਆਰੋਪ ਪੱਤਰ ਦਾਖਲ ਕਰਨਾ ਸੀ ਪਰ ਮੈਜੀਸਟ੍ਰੇਟ ਅਦਾਲਤ ਨੇ ਪੁਲਿਸ ਨੂੰ ਅਜਿਹਾ ਕਰਨ ਵਿਚ ਅਸਮਰੱਥਾ ਮਿਲਣ ‘ਤੇ ਉਸ ਨੂੰ ਡਿਫਾਲਟ ਜ਼ਮਾਨਤ ਦੇ ਦਿੱਤੀ ਹੈ। ਚਾਰਜਸ਼ੀਟ ਦਾਖਲ ਕਰਨ ਵਿਚ ਦੇਰੀ ਹੋਣ ਤੋਂ ਬਾਅਦ ਅਮੂਲਿਆ ਦੇ ਵਕੀਲਾਂ ਨੇ ਸੀਆਰਪੀਸੀ ਦੀ ਧਾਰਾ 167 ਦੇ ਅਧੀਨ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਕੋਰਟ ਨੇ ਮੰਜ਼ੂਰ ਕਰ ਲਿਆ ਹੈ। ਦਰਅਸਲ 20 ਫਰਵਰੀ ਨੂੰ AIMIM ਪਾਰਟੀ ਦੇ ਪ੍ਰਧਾਨ ਅਸਦੁਦੀਨ ਓਵੈਸੀ ਸੀਏਏ ਅਤੇ ਐਨਆਰਸੀ ਵਿਰੁੱਧ ਰੈਲੀ ਨੂੰ ਸੰਬੋਧਨ ਕਰਨ ਲਈ ਕਰਨਾਟਕ ਦੇ ਬੈਂਗਲੁਰੂ ਗਏ ਸਨ। ਉਦੋਂ ਹੀ ਅਮੂਲਿਆ ਉਨ੍ਹਾਂ ਦੀ ਸਟੇਜ ਉੱਤੇ ਆ ਗਈ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੀ ਪਰ ਨਾਲ ਹੀ ਉਸਨੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਓਵੈਸੀ ਵੀ ਸਟੇਜ ਉੱਤੇ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦਾ ਵਿਰੋਧ ਕੀਤਾ ਅਤੇ ਅਮੂਲਿਆ ਤੋਂ ਮਾਇਕ ਖੋਹ ਲਿਆ ਗਿਆ ਪਰ ਫਿਰ ਵੀ ਉਹ ਪਾਕਿਸਤਾਨ ਦੇ ਸਮੱਰਥਨ ਵਿਚ ਨਾਅਰੇ ਲਗਾਉਂਦੀ ਰਹੀ। ਲਿਹਾਜ਼ਾ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਜਿਸ ਤੋਂ ਬਾਅਦ ਪੁਲਿਸ ਪ੍ਰਦਰਸ਼ਨਕਾਰੀ ਲੜਕੀ ਨੂੰ ਉੱਥੋਂ ਆਪਣੀ ਹਿਰਾਸਤ ਵਿਚ ਲੈ ਗਈ ਅਤੇ ਉਦੋਂ ਤੋਂ ਉਸ ਨੂੰ ਜ਼ਮਾਨਤ ਨਹੀਂ ਮਿਲੀ ਸੀ।
ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਸੀ ਜਿਸ ਕਰਕੇ ਸਟੇਜ ਉੱਤੇ ਮੌਜੂਦ ਓਵੈਸੀ ਉੱਤੇ ਵੀ ਲੋਕਾਂ ਦਾ ਗੁੱਸਾ ਫੁੱਟਿਆ ਸੀ। ਹਾਲਾਂਕਿ ਅਮੂਲਿਆ ਦੇ ਦੋਸਤਾਂ ਦਾ ਦਾਅਵਾ ਸੀ ਕਿ ਉਹ ਪਾਕਿਸਤਾਨ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ਲਈ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਸਰਵ-ਵਿਆਪੀ ਮਨੁੱਖਤਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।

