ਲੁਧਿਆਣਾ: ਪੰਜਾਬ ਦੇ ਅਮੀਰ ਵਿਰਸੇ ਅਤੇ ਖੇਡਾਂ ਦਾ ਪ੍ਰਤੀਕ ਮੰਨੀਆਂ ਜਾਣ ਵਾਲੀਆਂ ਕਿਲਾ ਰਾਏਪੁਰ ਦੀਆਂ ਖੇਡਾਂ (ਮਿਨੀ ਓਲੰਪਿਕ) ਇਸ ਵਾਰ ਖਾਸ ਖਿੱਚ ਦਾ ਕੇਂਦਰ ਬਣਨ ਜਾ ਰਹੀਆਂ ਹਨ। ਲਗਭਗ 12 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਖੇਡ ਪ੍ਰੇਮੀਆਂ ਨੂੰ ਇੱਕ ਵਾਰ ਫਿਰ ਗਰਾਊਂਡ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦੇਖਣ ਨੂੰ ਮਿਲਣਗੀਆਂ। ਇਹਨਾਂ ਖੇਡਾਂ ਵਿੱਚ 19 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਜੇਤੂਆਂ ਨੂੰ ਸਨਮਾਨਿਤ ਕਰਨਗੇ।
12 ਸਾਲਾਂ ਬਾਅਦ ‘ਖੇਡਾਂ ਦੀ ਰੂਹ’ ਦੀ ਵਾਪਸੀ
ਕਿਲਾ ਰਾਏਪੁਰ ਖੇਡਾਂ ਦੀ ਸ਼ਾਨ ਮੰਨੀ ਜਾਣ ਵਾਲੀ ਬੈਲ ਗੱਡੀਆਂ ਦੀ ਦੌੜ ‘ਤੇ ਸਾਲ 2012-13 ਦੇ ਆਸ-ਪਾਸ ਰੋਕ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਕਾਰਨ ਖੇਡਾਂ ਵਿੱਚ ਦਰਸ਼ਕਾਂ ਦੀ ਗਿਣਤੀ ਕਾਫ਼ੀ ਘਟ ਗਈ ਸੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਅਤੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਬਿੱਲ ਤੋਂ ਬਾਅਦ ਇਹਨਾਂ ਦੌੜਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਬੰਧਕਾਂ ਮੁਤਾਬਕ ਬੈਲ ਗੱਡੀਆਂ ਦੀ ਵਾਪਸੀ ਨਾਲ ਖੇਡਾਂ ਦੀ ਉਹ ਪੁਰਾਣੀ ਰੌਣਕ ਮੁੜ ਪਰਤ ਆਵੇਗੀ।
100 ਤੋਂ ਵੱਧ ਬੈਲ ਗੱਡੀਆਂ ਹੋਣਗੀਆਂ ਸ਼ਾਮਲ: ਰਜਿਸਟ੍ਰੇਸ਼ਨ ਜਾਰੀ
ਖੇਡ ਕਮੇਟੀ ਦੇ ਪ੍ਰਬੰਧਕ ਸੁਰਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਖੇਡ ਪ੍ਰੇਮੀਆਂ ਅਤੇ ਪਸ਼ੂ ਪਾਲਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ ਕਿਲਾ ਰਾਏਪੁਰ ਪਿੰਡ ਵਿੱਚੋਂ ਹੀ 35 ਦੇ ਕਰੀਬ ਬੈਲ ਗੱਡੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਟੂਰਨਾਮੈਂਟ ਦੌਰਾਨ 100 ਤੋਂ ਵੱਧ ਬੈਲ ਗੱਡੀਆਂ ਹਿੱਸਾ ਲੈਣਗੀਆਂ। ਬੈਲਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਡਾਕਟਰੀ ਮੁਆਇਨਾ ਲਾਜ਼ਮੀ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਤੈਅ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਸੱਭਿਆਚਾਰਕ ਅਤੇ ਹੋਰ ਖੇਡ ਵੰਨਗੀਆਂ ਦੀ ਵੀ ਹੋਵੇਗੀ ਧੂਮ
ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ, ਮਿਨੀ ਓਲੰਪਿਕ ਵਿੱਚ ਹਾਕੀ, ਕਬੱਡੀ, ਕੁਸ਼ਤੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਰ ਰਵਾਇਤੀ ਖੇਡਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਸੈਲਾਨੀਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
CM ਮਾਨ ਵਧਾਉਣਗੇ ਖਿਡਾਰੀਆਂ ਦਾ ਹੌਸਲਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ 19 ਫਰਵਰੀ ਨੂੰ ਖੇਡ ਮੇਲੇ ਵਿੱਚ ਸ਼ਾਮਲ ਹੋ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਉਣਗੇ। ਸਰਕਾਰ ਦੇ ਇਸ ਕਦਮ ਨੂੰ ਪੰਜਾਬ ਦੇ ਪੇਂਡੂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।



