Ludhiana : ਪੰਜਾਬ ਦੇ ਲੁਧਿਆਣਾ ਵਿਚ ਬੀਤੀ ਰਾਤ ਕਰੀਬ 12.30 ਵਜੇ ਹੰਬੜਾ ਰੋਡ ਉਤੇ ਕਥਿਤ ਤੌਰ ਉਤੇ ਨਸ਼ੇ ਵਿਚ ਧੁੱਤ ਇਕ ਟਰੱਕ ਡਰਾਈਵਰ ਨੇ ਖੂਬ ਖੋਰੂ ਮਚਾਇਆ। ਟਰੱਕ ਡਰਾਈਵਰ ਨੇ ਫੁੱਟਪਾਥ ਉਤੇ ਸੁੱਤੇ ਦੋ ਲੋਕਾਂ ਨੂੰ ਕੁਚਲ ਦਿੱਤਾ। ਇਕ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਡੀਐਮਸੀ ਲੁਧਿਆਣਾ ਵਿਚ ਭਰਤੀ ਕਰਵਾਇਆ ਗਿਆ।
ਲੋਕਾਂ ਨੇ ਨਸ਼ੇ ਵਿਚ ਧੁੱਤ ਟਰੱਕ ਡਰਾਈਵਰ ਨੂੰ ਫੜ ਲਿਆ। ਚੀਕ ਚਿਹਾੜਾ ਸੁਣ ਕੇ ਮੌਕੇ ਉਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਾਣਕਾਰੀ ਮੁਤਾਬਕ ਕਬਾੜ ਨਾਲ ਭਰਿਆ ਟਰੱਕ ਹੰਬੜਾ ਰੋਡ ਤੋਂ ਜਲੰਧਰ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ।
ਟਰੱਕ ਦੀ ਰਫਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ। ਉਸ ਨੇ ਅਚਾਨਕ ਬਰੇਕ ਲਾ ਦਿੱਤੀ ਇਸ ਕਾਰਨ ਟਰੱਕ ਕੰਧ ਤੋੜ ਕੇ ਇਕ ਪਲਾਟ ਵਿਚ ਜਾ ਘੁਸਿਆ। ਇਸ ਦੌਰਾਨ ਟਰੱਕ ਨੇ ਫੁੱਟਪਾਥ ਉਤੇ ਸੌਂ ਰਹੇ ਦੋ ਲੋਕਾਂ ਨੂੰ ਦਰੜ ਦਿੱਤਾ।
ਚੀਕ ਚਿਹਾੜਾ ਸੁਣ ਲੋਕਾਂ ਨੇ ਕੀਤੀ ਮਦਦ
ਖੂਨ ਨਾਲ ਲਥਪਥ ਦੋਵਾਂ ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਰਾਹਗੀਰ ਇਕੱਠੇ ਹੋ ਗਏ। ਮ੍ਰਿਤਕ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਮਨੋਜ ਕੁਮਾਰ ਹੈ। ਦੋਵੇਂ ਦੋਸਤ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਮਜ਼ਦੂਰੀ ਕਰਦੇ ਹਨ।ਰੋਜ਼ਾਨਾ ਵਾਂਗ ਦੋਵੇਂ ਫੁੱਟਪਾਥ ਉਤੇ ਸੌਂ ਰਹੇ ਸੀ ਕਿ ਟਰੱਕ ਨੇ ਦੋਵਾਂ ਨੂੰ ਦਰੜ ਦਿੱਤਾ।
ਸੀਸੀਟੀਵੀ ਕਢਵਾਈ ਜਾ ਰਹੀ- ਪੁਲਿਸ
ਉਧਰ, ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚੀ। ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਨਸ਼ੇ ਵਿਚ ਧੁੱਤ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਕਢਵਾਈ ਜਾ ਰਹੀ ਹੈ। ਮੁਲਜ਼ਮ ਖਿ਼ਲਾਫ਼ ਕਾਰਵਾਈ ਹੋਵੇਗੀ।
