ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਕਾਰਨ ਪਏ ਆਰਥਿਕ ਘਾਟੇ ਨੂੰ ਪੂਰਾ ਕਾਰਨ ਲਈ ਕੇਜਰੀਵਾਲ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆ ਦਿੱਲੀ ਵਾਸੀਆਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਦਰਅਸਲ ਸਰਕਾਰ ਨੇ ਸ਼ਰਾਬ ਉੱਤੇ ਟੈਕਸ ਵਧਾਉਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਉੱਤੇ ਵੀ ਵੈਟ ਵਧਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਅੱਜ ਤੋਂ ਦਿੱਲੀ ਵਿਚ ਪੈਟਰੋਲ 1.67 ਰੁਪਏ ਅਤੇ ਡੀਜ਼ਲ 7.10 ਰੁਪਏ ਲੀਟਰ ਮਹਿੰਗਾ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਨੇ ਪੈਟਰੋਲ ਉੱਤੇ ਵੈਟ ਨੂੰ 27 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕਰ ਦਿੱਤਾ ਹੈ ਜਦਕਿ ਡੀਜ਼ਲ ਉੱਤੇ ਵੀ ਵੈਟ 16.77 ਤੋਂ 30 ਫ਼ੀਸਦੀ ਕਰ ਦਿੱਤਾ ਗਿਆ ਹੈ ਜਿਸ ਨਾਲ ਪੈਟਰੋਲ ਦੀ ਕੀਮਤ 71.26 ਰੁਪਏ ਅਤੇ ਡੀਜ਼ਲ ਦੀ ਕੀਮਤ 69.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾ ਦਾ ਅਸਰ ਆਮ ਜਨਤਾ ਦੇ ਜ਼ੇਬ ਉੱਤੇ ਪੈਣਾ ਲਾਜ਼ਮੀ ਹੈ। ਮੰਨਿਆ ਜਾ ਰਿਹਾ ਹੈ ਕਿ ਲਗਭਗ 40 ਦਿਨਾਂ ਤੋਂ ਜਾਰੀ ਲਾਕਡਾਊਨ ਕਰਕੇ ਸਰਕਾਰ ਨੂੰ ਆਰਥਿਕ ਤੌਰ ਉੱਤੇ ਕਾਫੀ ਨੁਕਸਾਨ ਉਠਾਉਣ ਪੈ ਰਿਹਾ ਹੈ ਜਿਸ ਨੂੰ ਪੂਰਾ ਕਰਨ ਲਈ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਉੱਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਮੁਸ਼ਕਿਲ ਸਮੇਂ ਵਿਚ ਸਖ਼ਤ ਫ਼ੈਸਲੇ ਲੈਣ ਪੈਂਦੇ ਹਨ। ਵਿੱਤ ਮੰਤਰੀ ਰਹਿੰਦੇ ਹੋਏ ਮੈ ਇਹ ਸਿੱਖਿਆ ਹੈ। ਜਿੰਦਗੀ ਹਮੇਸ਼ਾ ਸ਼ਾਨਦਾਰ ਨਹੀਂ ਹੁੰਦੀ”।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਬੀਤੇ ਦਿਨ ਸ਼ਰਾਬ ਉੱਤੇ 70 ਫ਼ੀਸਦੀ ਕੋਰੋਨਾ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਟੈਕਸ ਨੂੰ ਸ਼ਰਾਬ ਦੀ ਕੀਮਤ ਉੱਤੇ ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ 1000 ਰੁਪਏ ਦੀ ਸ਼ਰਾਬ ਦੀ ਬੋਤਲ ਲਈ ਲੋਕਾਂ ਨੂੰ 1700 ਰੁਪਏ ਖਰਚ ਕਰਨੇ ਪੈਣਗੇ।

