ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦਿੱਲੀ ਵਿਚ ਬੀਤੇ ਇਕ ਹਫ਼ਤੇ ਤੋਂ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਹੋ ਗਈ ਹੈ ਜਦਕਿ ਮਾਮਲੇ ਜ਼ਿਆਦਾ ਵੱਧਣ ਲੱਗੇ ਹਨ, ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਸ਼ੁੱਕਰਵਾਰ ਨੂੰ 5,947 ਕੋਰੋਨਾ ਦੇ ਮਰੀਜ਼ਾਂ ਦੀ ਜਾਂਚ ਹੋਈ ਹੈ, ਜਿਨ੍ਹਾਂ ਵਿਚੋਂ 2,137 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਭਾਵ ਜਾਂਚ ਵਿਚ ਹਰ ਤੀਸਰਾ ਵਿਅਕਤੀ ਕੋਰੋਨਾ ਸੰਕਰਮਿਤ ਮਿਲਿਆ ਹੈ।
ਦਿੱਲੀ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 36,824 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 71 ਮਰੀਜ਼ਾਂ ਨੇ ਦਮ ਤੋੜਿਆ ਹੈ ਅਤੇ ਮ੍ਰਿਤਕਾਂ ਦਾ ਅੰਕੜਾ 1214 ਹੋ ਗਿਆ ਹੈ। ਜਦਕਿ ਹੁਣ ਤੱਕ 13398 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਦਿੱਲੀ ਵਿਚ ਪਿਛਲੇ ਦੋ ਦਿਨਾਂ ਦੌਰਾਨ ਕੋਰੋਨਾ ਸੰਕਰਮਨ ਦੀ ਦਰ 35 ਫੀਸਦੀ ਹੋ ਚੁੱਕੀ ਹੈ। ਰਾਸ਼ਟਰੀ ਰਾਜਧਾਨੀ ਵਿਚ 30 ਮਈ ਅਤੇ 11 ਜੂਨ ਦੇ ਵਿਚਾਲੇ ਜਿਹੜੇ ਅੰਕੜੇ ਸਾਹਮਣੇ ਆਏ ਹਨ ਉਹ ਦਰਸਾਉਂਦੇ ਹਨ ਕਿ ਇੱਥੇ ਕੋਰੋਨਾ ਕੇਸਾਂ ਦੀ ਦਰ 21 ਫੀਸਦੀ ਵੱਧ ਗਈ ਹੈ ਅਤੇ ਰਿਕਵਰੀ ਰੇਟ 8 ਫੀਸਦੀ ਦੀ ਦਰ ਤੋਂ ਘੱਟ ਗਿਆ ਹੈ। ਦਿੱਲੀ ਵਿਚ 1 ਜੂਨ ਤੋਂ ਲੈ ਕੇ 11 ਜੂਨ ਤੱਕ ਕਰਵਾਈ ਜਾਂਚ ਨਾਲ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 58 ਹਜ਼ਾਰ ਲੋਕਾਂ ਵਿਚੋਂ 14 ਹਜ਼ਾਰ ਤੋਂ ਵੱਧ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਵੀਰਵਾਰ ਨੂੰ ਪਹਿਲੀ ਵਾਰ ਕੋਰੋਨਾ ਦੇ ਮਾਮਲਿਆਂ ਦੀ ਦਰ 35 ਫੀਸਦੀ ਦੇ ਹਿਸਾਬ ਨਾਲ ਵਧੀ। ਦਰਅਸਲ 5360 ਲੋਕਾਂ ਦੀ ਸੈਂਪਲ ਰਿਪੋਰਟ ਵਿਚ 1877 ਰਿਪੋਰਟਾਂ ਕੋਰੋਨਾ ਪਾਜ਼ੀਟਿਵ ਮਿਲੀਆ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਦਿੱਲੀ ਵਿਚ ਵੀਰਵਾਰ ਨੂੰ ਜਿੰਨੇ ਲੋਕਾਂ ਦੀ ਜਾਂਚ ਹੋਈ ਉਨ੍ਹਾਂ ਵਿਚੋਂ ਹਰ ਤੀਜ਼ਾ ਵਿਅਕਤੀ ਕੋਰੋਨਾ ਪੀੜਤ ਮਿਲਿਆ ਹੈ। ਇਹ ਆਉਣ ਵਾਲੇ ਸਮੇਂ ਵਿਚ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਉੱਥੇ ਹੀ ਦਿੱਲੀ ਵਿਚ 30 ਮਈ ਨੂੰ 44 ਫੀਸਦੀ ਮਰੀਜ਼ ਠੀਕ ਹੋ ਗਏ ਸਨ ਪਰ ਜੇਕਰ 11 ਜੂਨ ਦੀ ਗੱਲ ਕਰੀਏ ਤਾਂ ਇਸ ਦਿਨ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 36 ਫੀਸਦੀ ਰਹਿ ਗਿਆ ਹੈ।

