Skip to content
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵੀਰਵਾਰ ਸਵੇਰੇ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਸ਼ੋਪੀਆ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਜਿੱਥੇ ਕਈ ਸੇਬ ਵਪਾਰੀਆਂ ਤੇ ਮਜ਼ਦੂਰਾਂ ਨੇ ਆਪਣੀ ਜਾਨ ਗੁਆਈ ਹੈ। ਉੱਧਰ ਹੀ ਇਸ ਅੱਤਵਾਦੀ ਹਮਲੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੇ ਕਸਬੇ ਅਬੋਹਰ ਦਾ ਮਜ਼ਦੂਰ ਚਰਨਜੀਤ ਚੰਨੀ ਵੀ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਦੀ ਗੋਲੀ ਨਾਲ ਜ਼ਖ਼ਮੀ ਹੋਇਆ ਸੰਜੇ ਕੋਮਾ ਵਿੱਚ ਹੈ।

ਇਸ ਘਟਨਾ ਤੋਂ ਬਾਅਦ ਕਸ਼ਮੀਰ ਦੇ ਸੇਬ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਵਾਪਰੇ ਅੱਤਵਾਦੀ ਹਾਦਸੇ ਤੋਂ ਡਰੇ ਵਪਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਸ਼ਮੀਰ ‘ਚ ਫੱਸੇ ਸਾਰੇ ਵਪਾਰੀਆਂ ਨੂੰ ਉਥੋਂ ਬਾਹਰ ਕੱਢਿਆ ਜਾਵੇ।
ਦਿਵਾਲੀ ਮਨਾਉਣ ਲਈ ਆਉਣ ਵਾਲਾ ਸੀ ਘਰ
ਕਸਬੇ ਅਬੋਹਰ ਦੇ ਮਰਹੂਮ ਚਰਨਜੀਤ ਚੰਨੀ ਦੀ ਪਤਨੀ ਨੇ ਦੱਸਿਆ ਕਿ ਬੀਤੇ ਬੁਧਵਾਰ ਉਸਦਾ ਜਨਮ ਦਿਨ ਸੀ ਅਤੇ ਉਸ ਦਿਨ ਚੰਨੀ ਦੀ ਉਸ ਨਾਲ ਫੋਨ ‘ਤੇ ਗੱਲ ਵੀ ਹੋਈ ਸੀ। ਰੋਂਦੀ ਹੋਈ ਚਰਨਜੀਤ ਦੀ ਪਤਨੀ ਨੇ ਦਸਿਆ ਕਿ , ਉਹ ਆਉਣ ਵਾਲੀ 26 ਅਕਤੂਬਰ ਨੂੰ ਦਿਵਾਲੀ ਮਨਾਉਣ ਲਈ ਘਰ ਆਉਣ ਵਾਲਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸੱਤ ਸਾਲਾ ਮਰਹੂਮ ਚੰਨੀ ਦਾ ਪੁੱਤਰ ਘਰ ਵਾਲਿਆਂ ਤੋਂ ਬਾਰ -ਬਾਰ ਪਿਤਾ ਦੀ ਘਰ ਵਾਪਸੀ ਬਾਰੇ ਪੁੱਛ ਰਿਹਾ ਹੈ।
ਸਰਕਾਰ ਤੋਂ ਵਿੱਤੀ ਮਦਦ ਦੀ ਮੰਗ
ਚੰਨੀ ਦੀ ਪਤਨੀ ਨੇ ਦਸਿਆ ਕਿ, ਉਹ ਹਰ ਸਾਲ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸੇਬ ਦਾ ਵਪਾਰ ਕਰਨ ਲਈ ਜਾਂਦਾ ਸੀ ਪਰ ਇਸ ਵਾਰ ਗਿਆ ਚਰਨਜੀਤ ਮੁੜ ਘਰ ਨਹੀਂ ਮੁੜਿਆ। ਦੱਸ ਦੇਈਏ ਚੰਨੀ ਦਾ ਪਰਿਵਾਰ ਕਾਫੀ ਗਰੀਬ ਹੈ ਤੇ ਚੰਨੀ ਹੀ ਆਪਣੇ ਘਰ ਦਾ ਇੱਕਲਾ ਕਮਾਉਣ ਵਾਲਾ ਜੀਅ ਸੀ, ਜਿਸ ਉਤੇ ਪੂਰਾ ਪਰਵਾਰ ਨਿਰਭਰ ਕਰਦਾ ਸੀ। ਚਰਨਜੀਤ ਦਾ ਪਰਿਵਾਰ ਜੰਮੂ ਕਸ਼ਮੀਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕਰ ਰਿਹਾ ਹੈ।

ਦੂਜੇ ਪਾਸੇ ਇਸ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਸੰਜੇ ਦੀ ਹਾਲਤ ਬੇਹੱਦ ਗੰਭੀਰ ਬਾਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ, ਸੰਜੇ ਫਿਲਹਾਲ ਕੋਮਾ ਵਿੱਚ ਹੈ, ਜਿਸ ਨਾਲ ਉਸਦਾ ਪਰਿਵਾਰ ਗਹਿਰੇ ਸਦਮੇ ‘ਚ ਹੈ। ਗੱਲ ਕਰਦਿਆਂ ਸੰਜੇ ਦੇ ਚਾਚਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ, ਸੰਜੇ ਪਿਛਲੇ ਕਈ ਸਾਲਾਂ ਤੋਂ ਕਸ਼ਮੀਰ ‘ਚ ਸੇਬ ਦਾ ਵਪਾਰ ਕਰ ਰਿਹਾ ਹੈ।
ਵੀਰਵਾਰ ਰਾਤ ਫਾਜ਼ਿਲਕਾ ਪਹੁੰਚੇਗੀ ਲਾਸ਼
ਪ੍ਰਸ਼ਾਸਨ ਲਗਾਤਾਰ ਪਰਿਵਾਰ ਨਾਲ ਬਣਿਆ ਹੋਇਆ ਹੈ ਅਤੇ ਅਧਿਕਾਰੀਆਂ ਨੇ ਵੀ ਲਗਾਤਾਰ ਪਰਿਵਾਰ ਦੇ ਮੇਂਬਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ। ਉੱਥੇ ਹੀ ਐਸਡੀਐਮ ਅਬੋਹਰ ਪੂਨਮ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਤੱਕ ਚੰਨੀ ਦੀ ਲਾਸ਼ ਫਾਜ਼ਿਲਕਾ ਪਹੁੰਚ ਜਾਵੇਗੀ।