ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਗੁੱਟ ਵੱਲੋਂ ਦੂਜੇ ਗੁੱਟ ਦੇ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਖੂਨੀ ਝੜਪ ਦੌਰਾਨ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ 26 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਨਿੱਜੀ ਹਸਪਤਾਲ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਿਤ ਸਿੰਘ ਵਜੋਂ ਹੋਈ ਹੈ। ਇਸ ਹਮਲੇ ਵਿੱਚ ਉਸ ਦੇ ਸਾਥੀ ਸਾਹਿਲ, ਵਿਸ਼ਾਲ ਅਤੇ ਗੁਰਜੰਟ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਅਮਰੀਕਾ ਤੋਂ ਰਚੀ ਗਈ ਸਾਜ਼ਿਸ਼?
ਮ੍ਰਿਤਕ ਦੇ ਭਰਾ ਰਣਜੀਤ ਸਿੰਘ ਅਤੇ ਪਿਤਾ ਬਲਵਾਨ ਸਿੰਘ ਨੇ ਹਸਪਤਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੁਰਾਨਾ ਸ਼ਾਲਾ ਦੇ ਸਰਕਾਰੀ ਹਸਪਤਾਲ ਤੋਂ ਫੋਨ ਆਇਆ ਸੀ ਕਿ ਰੋਹਿਤ ਗੰਭੀਰ ਜ਼ਖਮੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਰੋਹਿਤ ਦੇ ਸਿਰ ਅਤੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਜ਼ਖਮ ਸਨ। ਦਮ ਤੋੜਨ ਤੋਂ ਪਹਿਲਾਂ ਰੋਹਿਤ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਗੁਰਜੰਟ ਸਿੰਘ ਅਤੇ ਹੋਰ ਸਾਥੀਆਂ ਨਾਲ ਪੁਰਾਨਾ ਸ਼ਾਲਾ ਅੱਡੇ ‘ਤੇ ਮੌਜੂਦ ਸੀ, ਜਿੱਥੇ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਨ੍ਹਾਂ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਪਰਿਵਾਰ ਦਾ ਗੰਭੀਰ ਦੋਸ਼ ਹੈ ਕਿ ਇਹ ਹਮਲਾ ਅਮਰੀਕਾ ਵਿੱਚ ਬੈਠੇ ਵਿਸ਼ਾਲ ਠਾਕੁਰ ਨਾਮ ਦੇ ਨੌਜਵਾਨ ਦੇ ਕਹਿਣ ‘ਤੇ ਕੀਤਾ ਗਿਆ ਹੈ, ਜਿਸ ਦੀ ਰੋਹਿਤ ਦੇ ਦੋਸਤ ਗੁਰਜੰਟ ਸਿੰਘ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ।
ਪੁਲਿਸ ਪ੍ਰਸ਼ਾਸਨ ਨੇ ਦਿੱਤਾ ਬਿਆਨ
ਸਰਕਾਰੀ ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਡਾਕਟਰ ਸਾਕਸ਼ੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਰ ਰਾਤ ਦੋ ਜ਼ਖਮੀ ਨੌਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਇੱਕ ਨਿੱਜੀ ਹਸਪਤਾਲ ਤੋਂ ਰੋਹਿਤ ਸਿੰਘ ਦੀ ਮ੍ਰਿਤਕ ਦੇਹ ਇੱਥੇ ਲਿਆਂਦੀ ਗਈ ਹੈ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੇ ਹਸਪਤਾਲ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਮੁਤਾਬਕ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


