ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮੁੰਬਈ ਵਿਚ 2008 ‘ਚ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਤਹਵੂਰ ਰਾਣਾ ਨੂੰ ਅਮਰੀਕਾ ਦੇ ਲਾਸ ਏਂਜਲਸ ਵਿਚ ਗਿਰਫ਼ਤਾਰ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਅਮਰੀਕਾ ਨੂੰ ਰਾਣਾ ਦੀ ਗਿਰਫਤਾਰੀ ਨੂੰ ਲੈ ਕੇ ਬੇਨਤੀ ਕੀਤੀ ਸੀ ਜਿਸ ਤੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਲਦੀ ਹੀ ਉਸਦੀ ਭਾਰਤ ਹਵਾਲਗੀ ਕੀਤੀ ਜਾਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ ਸ਼ਿਕਾਗੋ ਦੇ ਕਾਰੋਬਾਰੀ ਤਾਹਾਵੂਰ ਰਾਣਾ ਨੂੰ 10 ਜੂਨ 2011 ਨੂੰ ਡੈਨਮਾਰਕ ਦੇ ਅਖਬਾਰ ਉੱਤੇ ਹਮਲੇ ਦੀ ਸਾਜ਼ਿਸ਼ ਘੜਨ ਅਤੇ ਲਸ਼ਕਰ ਏ ਤੋਇਬਾ ਦੀ ਮਦਦ ਕਰਨ ਦੇ ਜ਼ੁਰਮ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਪਿਛਲੇ 10 ਸਾਲ ਤੋਂ ਅਮਰੀਕਾ ਦੀ ਜੇਲ੍ਹ ਵਿਚ ਬੰਦ ਸੀ ਅਤੇ 14 ਸਾਲ ਦੀ ਸਜ਼ਾ ਕੱਟ ਰਿਹਾ ਸੀ ਪਰ ਖਰਾਬ ਸਿਹਤ ਅਤੇ ਕੋਰੋਨਾ ਪਾਜ਼ੀਟਿਵ ਹੋਣ ਦੇ ਚੱਲਦਿਆਂ ਉਸ ਨੂੰ ਲਾਸ ਏਂਜਲਸ ਦੀ ਸੰਘੀ ਜੇਲ੍ਹ ਤੋਂ ਦੋ ਦਿਨ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਪਰ ਭਾਰਤ ਦੁਆਰਾ ਰਾਣਾ ਦੀ ਹਵਾਲਗੀ ਦੀ ਮੰਗ ਉੱਤੇ ਅਥਾਰਿਟੀ ਨੇ ਉਸ ਨੂੰ ਮੁੜ ਤੋਂ ਗਿਰਫਤਾਰ ਕਰ ਲਿਆ ਹੈ। ਰਾਣਾ ਉੱਤੇ ਮੁੰਬਈ ਅੱਤਵਾਦੀ ਹਮਲੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਆਰੋਪ ਹੈ।
ਦੱਸ ਦਈਏ ਕਿ ਮੁੰਬਈ ਅੱਤਵਾਦੀ ਹਮਲੇ ਵਿਚ 160 ਤੋਂ ਵੱਧ ਲੋਕਾਂ ਦੀ ਜਾਨ ਚੱਲੀ ਗਈ ਸੀ। ਇਹ ਅੱਤਵਾਦੀ ਹਮਲਾ ਲਸ਼ਕਰ-ਏ-ਤੋਇਬਾ ਦੇ 10 ਦਹਿਸ਼ਤਗਰਦਾਂ ਦੁਆਰਾ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 9 ਮਾਰੇ ਗਏ ਸਨ ਜਦਕਿ ਇਕ ਅੱਤਵਾਦੀ ਅਜਮਲ ਕਸਾਬ ਜਿਊਂਦਾ ਗਿਰਫਤਾਰ ਕਰ ਲਿਆ ਗਿਆ ਸੀ। ਅਜਮਲ ਨੂੰ 2012 ਵਿਚ ਫਾਂਸੀ ਦੇ ਦਿੱਤੀ ਗਈ ਸੀ । ਇਸ ਹਮਲੇ ਦੀ ਜਾਂਚ ਦੌਰਾਨ ਇਹ ਪਤਾ ਚੱਲਿਆ ਸੀ ਕਿ ਹਮਲੇ ਤੋਂ ਪਹਿਲਾਂ ਰਾਣਾ ਮੁੰਬਈ ਆ ਕੇ ਤਾਜ਼ ਹੋਟਲ ਵਿਚ ਰੁੱਕਿਆ ਸੀ ਅਤੇ ਉਸ ਨੇ ਇੱਥੇ ਹੀ ਹੋਟਲ ਉੱਤੇ ਹਮਲੇ ਦਾ ਪੂਰਾ ਖਾਕਾ ਤਿਆਰ ਕੀਤਾ ਸੀ। ਦੱਸ ਦਈਏ ਕਿ ਮੁੰਬਈ ਵਿਚ ਹਮਲੇ ਦੌਰਾਨ ਅੱਤਵਾਦੀਆਂ ਦਾ ਮੁੱਖ ਨਿਸ਼ਾਨਾ ਤਾਜ ਹੋਟਲ ਵੀ ਸੀ। ਖੈਰ ਹੁਣ ਰਾਣਾ ਉਸ ਦੀ ਭਾਰਤ ਹਵਾਲਗੀ ਲਈ ਲੋੜੀਂਦੇ ਕਾਗਜ਼ ਅਤੇ ਪ੍ਰਕਿਰਿਆਵਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

