ਅੰਮ੍ਰਿਤਸਰ: NIA ਦੇ ਵਲੋਂ ਪਿਛਲੇ ਦਿਨੀਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਦਫ਼ਤਰ ਤੇ ਰੇਡ ਕੀਤੀ ਗਈ। ਇਸ ਰੇਡ ਦੀ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਿੰਦਾ ਕੀਤੀ। ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਖੁੱਲ੍ਹ ਕੇ ਖਾਲਸਾ ਏਡ ਦੇ ਹੱਕ ਵਿਚ ਬੋਲੇ ਅਤੇ ਕਿਹਾ ਕਿ, ਖਾਲਸਾ ਏਡ ਅਜਿਹੀ ਸੰਸਥਾ ਹੈ, ਜਿਸ ਨੇ ਦੇਸ਼ ਦੁਨੀਆ ਵਿਚ ਸਿੱਖਾਂ ਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ।
ਜਾਖੜ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਖਾਲਸਾ ਏਡ ਹਮੇਸ਼ਾਂ ਲੋਕਾਂ ਦੀ ਸੇਵਾ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ। ਪੰਜਾਬ ਵਿਚ ਹੜ੍ਹ ਪੀੜਤਾਂ ਦੀ ਜਿਸ ਤਰ੍ਹਾਂ ਨਾਲ ਖ਼ਾਲਸਾ ਏਡ ਨੇ ਮਦਦ ਕੀਤੀ ਹੈ, ਇਸ ਤਰ੍ਹਾਂ ਕੋਈ ਵੀ ਨਹੀਂ ਕਰ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ, ਹੜ੍ਹਾਂ ਕਰਕੇ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਇਕ ਮਹੀਨੇ ਤੋਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਕੋਈ ਮਾਲੀ ਮਦਦ ਨਹੀਂ ਕੀਤੀ ਗਈ, ਜਦੋਂ ਕਿ ਪੰਜਾਬ ਸਮੇਤ ਚੰਡੀਗੜ੍ਹ ਦੀਆਂ ਵੱਖ ਵੱਖ ਜਗ੍ਹਾਵਾਂ ਤੇ ਇਸ਼ਤਿਆਰੀ ਬੋਰਡ ਲਗਾ ਕੇ, ਫੋਕੀ ਮਸ਼ਹੂਰੀ ਕਰਦਿਆਂ ਕਰੋੜਾਂ ਰੁਪਏ ਖ਼ਰਚੇ ਹਨ।
