ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਤੋਂ ਇੱਕ ਬੇਹੱਦ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਖੇਤਾਂ ਵਿੱਚ ਸੌਚ ਲਈ ਗਈ ਇੱਕ ਪ੍ਰਵਾਸੀ ਮਹਿਲਾ ‘ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ।
10 ਕੁੱਤਿਆਂ ਨੇ ਘੇਰ ਕੇ ਕੀਤਾ ਹਮਲਾ
ਪੀੜਤ ਮਹਿਲਾ ਦੀ ਪਛਾਣ 35 ਸਾਲਾ ਰੇਖਾ ਵਜੋਂ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦੀ ਹੈ। ਰੇਖਾ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਖੇਤਾਂ ਵੱਲ ਗਈ ਤਾਂ ਅਚਾਨਕ 10 ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਉਸ ਨੇ ਬਚਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸੰਤੁਲਨ ਵਿਗੜਨ ਕਾਰਨ ਉਹ ਜ਼ਮੀਨ ‘ਤੇ ਡਿੱਗ ਗਈ, ਜਿਸ ਤੋਂ ਬਾਅਦ ਕੁੱਤਿਆਂ ਨੇ ਉਸ ‘ਤੇ ਬੁਰੀ ਤਰ੍ਹਾਂ ਝਪਟਣਾ ਸ਼ੁਰੂ ਕਰ ਦਿੱਤਾ।
ਹੱਡੀਆਂ ਅਤੇ ਨਾੜੀਆਂ ਆਈਆਂ ਬਾਹਰ
ਔਰਤ ਦਾ ਇਲਾਜ ਕਰ ਰਹੇ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਦੇ ਡਾਕਟਰ ਹਰਿੰਦਰ ਦਿਓਲ ਨੇ ਦੱਸਿਆ ਕਿ ਮਹਿਲਾ ਦੀ ਹਾਲਤ ਕਾਫੀ ਨਾਜ਼ੁਕ ਸੀ। ਕੁੱਤਿਆਂ ਨੇ ਮਹਿਲਾ ਦੇ ਪੱਟ ਦਾ ਸਾਰਾ ਮਾਸ ਨੋਚ ਲਿਆ ਸੀ, ਜਿਸ ਕਾਰਨ ਉਸ ਦੀਆਂ ਹੱਡੀਆਂ ਅਤੇ ਨਾੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ। ਡਾਕਟਰਾਂ ਅਨੁਸਾਰ ਇਨਫੈਕਸ਼ਨ ਦੇ ਖ਼ਤਰੇ ਨੂੰ ਦੇਖਦੇ ਹੋਏ ਮਹਿਲਾ ਨੂੰ ਕੁਝ ਦਿਨ ਹੋਰ ਹਸਪਤਾਲ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਪਿੰਡ ਵਾਸੀਆਂ ਨੇ ਬਚਾਈ ਜਾਨ
ਮਹਿਲਾ ਦੇ ਰੌਲਾ ਪਾਉਣ ‘ਤੇ ਨੇੜੇ-ਤੇੜੇ ਦੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਮੁਸ਼ਕਲ ਨਾਲ ਕੁੱਤਿਆਂ ਨੂੰ ਭਜਾ ਕੇ ਰੇਖਾ ਦੀ ਜਾਨ ਬਚਾਈ। ਪਿੰਡ ਵਾਸੀਆਂ ਨੇ ਹੀ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਰੇਖਾ ਅਤੇ ਉਸਦਾ ਪਤੀ ਦੋਵੇਂ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ, ਅਤੇ ਇਸ ਹਾਦਸੇ ਤੋਂ ਬਾਅਦ ਪਰਿਵਾਰ ਕਾਫੀ ਸਦਮੇ ਵਿੱਚ ਹੈ।
ਇਲਾਕੇ ਵਿੱਚ ਵਧਦਾ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਅਵਾਰਾ ਕੁੱਤਿਆਂ ਦੇ ਵਧਦੇ ਹਮਲਿਆਂ ਕਾਰਨ ਲੋਕ ਆਪਣੇ ਬੱਚਿਆਂ ਅਤੇ ਔਰਤਾਂ ਨੂੰ ਇਕੱਲੇ ਬਾਹਰ ਭੇਜਣ ਤੋਂ ਡਰਨ ਲੱਗੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/police-takes-action-against-china-door-those-using-china-door-are-not-doing-well-two-arrested/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



