ਲੁਧਿਆਣਾ : ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਉਸ ਵੇਲੇ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਟੀਮ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਗੈਂਗਸਟਰ ਨੇ ਆਪਣੀ ਤੇਜ਼ ਰਫ਼ਤਾਰ ਥਾਰ ਗੱਡੀ ਨਾਲ ਇੱਕ ਰਾਹਗੀਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਲਾਂਕਿ, ਇਸ ਘਟਨਾ ਤੋਂ ਤੁਰੰਤ ਬਾਅਦ ਮੁਸਤੈਦ ਏ.ਜੀ.ਟੀ.ਐਫ. ਟੀਮ ਨੇ ਘੇਰਾਬੰਦੀ ਕਰਕੇ ਗੈਂਗਸਟਰ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਫਰੀਦਕੋਟ ਏ.ਜੀ.ਟੀ.ਐਫ. ਦੀ ਟੀਮ ਨੂੰ ਇੱਕ ਗੰਭੀਰ ਅਪਰਾਧਿਕ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਦੀ ਭਾਲ ਸੀ, ਜਿਸ ਦੇ ਚਲਦਿਆਂ ਟੀਮ ਲੁਧਿਆਣਾ ਪਹੁੰਚੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀਆਂ ਤਿੰਨ ਗੱਡੀਆਂ ਗੈਂਗਸਟਰ ਦੀ ਥਾਰ ਦਾ ਪਿੱਛਾ ਕਰ ਰਹੀਆਂ ਸਨ। ਆਪਣੇ ਆਪ ਨੂੰ ਪੁਲਿਸ ਦੇ ਘੇਰੇ ਵਿੱਚ ਫਸਦਾ ਵੇਖ ਕੇ ਦੋਸ਼ੀ ਨੇ ਸੁੰਦਰ ਨਗਰ ਦੀਆਂ ਭੀੜ-ਭੜੱਕੇ ਵਾਲੀਆਂ ਅਤੇ ਤੰਗ ਗਲੀਆਂ ਵਿੱਚ ਗੱਡੀ ਦੀ ਰਫ਼ਤਾਰ ਤੇਜ਼ ਕਰ ਦਿੱਤੀ।
ਇਸੇ ਭੱਜ-ਦੌੜ ਦੌਰਾਨ ਬੁੱਢੇ ਦਰਿਆ ਦੇ ਨਜ਼ਦੀਕ ਬੇਕਾਬੂ ਹੋਈ ਥਾਰ ਨੇ ਸੜਕ ਤੋਂ ਲੰਘ ਰਹੇ ਇੱਕ ਬੇਕਸੂਰ ਰਾਹਗੀਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਪੁਲਿਸ ਜਵਾਨਾਂ ਨੇ ਫੁਰਤੀ ਵਿਖਾਉਂਦਿਆਂ ਗੱਡੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਗੈਂਗਸਟਰ ਨੂੰ ਮੌਕੇ ‘ਤੇ ਹੀ ਦਬੋਚ ਲਿਆ।
ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਇਲਾਜ ਲਈ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਥਾਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫਿਲਹਾਲ ਲੁਧਿਆਣਾ ਪੁਲਿਸ ਅਤੇ ਏ.ਜੀ.ਟੀ.ਐਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਤੇ ਉਸਦੇ ਸਾਥੀਆਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

