ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਵਿਚ ਕੈਬਨਿਟ ਦੁਆਰਾ ਕੋਰੋਨਾ ਦੀ ਟੈਸਟਿੰਗ ਵਧਾਉਣ, ਗਮਾਡਾ ਲੈਂਡ ਪੂਲਿੰਗ ਨੀਤੀ ਨੂੰ ਹੋਰ ਆਕਰਸ਼ਕ ਬਣਾਉਣ ਅਤੇ ਜੇਲ੍ਹਾਂ ਵਿਚ ਨਵੇਂ ਵਾਰਡਰ ਭਰਤੀ ਕਰਨ ਦੇ ਨਾਲ-ਨਾਲ ਅੰਮ੍ਰਿਤਸਰ ਅਤੇ ਲੁਧਿਆਣ ਲਈ ਨਵੇਂ ਪਾਣੀ ਸਪਲਾਈ ਪ੍ਰੋਜੈਕਟਾਂ ਨੂੰ ਮੰਜੂਰੀ ਦੇ ਦਿੱਤੀ ਗਈ ਹੈ।
ਪੰਜਾਬ ਕੈਬਨਿਟ ਨੇ ਮੀਟਿੰਗ ਵਿਚ ਕੋਰੋਨਾ ਦੀ ਟੈਸਟਿੰਗ ਵਧਾਉਣ ਲਈ 7ਨਵੀਆਂ ਆਰਐਨਏ ਮਸ਼ੀਨਾਂ ਖਰੀਦਣ ਨੂੰ ਮੰਜੂਰੀ ਦੇ ਦਿੱਤੀ ਹੈ ਜੋ ਕਿ ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਲਗਾਈਆਂ ਜਾਣਗੀਆ। ਇਸ ਤੋਂ ਇਲਾਵਾ ਕੈਬਨਿਟ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਨਹਿਰੀ ਅਧਾਰਤ ਪਾਣੀ ਦੀ ਸਪਲਾਈ ਵਾਸਤੇ ਪ੍ਰੋਜੈਕਟਾਂ ਨੂੰ ਮੰਜੂਰ ਕਰ ਲਿਆ ਹੈ। ਇਨ੍ਹਾਂ ਪ੍ਰੋਜੈਕਟਾਂ ਲਈ 70 ਪ੍ਰਤੀਸ਼ਤ ਫੰਡ ਵਰਲਡ ਬੈਂਕ ਦੇਵੇਗਾ ਅਤੇ 30ਫੀਸਦੀ ਪੰਜਾਬ ਸਰਕਾਰ ਦੇਵੇਗੀ। ਪੰਜਾਬ ਵਜ਼ਾਰਤ ਨੇ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ 305 ਜੇਲ੍ਹ ਵਾਰਡਰਾਂ ਦੀਆਂ ਸਿੱਧੀਆਂ ਭਰਤੀਆਂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਨੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਲੈਂਡ ਪੂਲਿੰਗ ਪਾਲਿਸੀ ਬੇਹਤਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਲਈ ਇੰਡਸਟ੍ਰੀਅਲ ਸੈਕਟਰ ਵਾਸਤੇ ਨਵੀਂ ਲੈਂਡ ਪੂਲਿੰਗ ਨੀਤੀ ਲਿਆਈ ਜਾਵੇਗੀ।ਨੀਤੀ ਵਿਚ ਬਦਲਾਅ ਨਾਲ ਮੁਹਾਲੀ ‘ਚ ਉਦਯੋਗਿਕ ਅਸਟੇਟਾਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਵਿਚ ਸਹਾਇਤਾ ਮਿਲੇਗੀ।
