ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਵੀਕੈਂਡ ਕਰਫਿਊ ਨਾ ਲਗਾਉਣ ਦਾ ਫੈਸਲਾ ਕੀਤਾ ਹੈ । ਦਰਅਸਲ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਟ੍ਰਾਈਸਿਟੀ (ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ) ਵਿਚ ਵੀਕੈਂਡ ਕਰਫਿਊ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਨੂੰ ਇਕ ਪ੍ਰਸਤਾਵ ਭੇਜਿਆ ਸੀ ਜਿਸ ਨੂੰ ਦੋਵਾਂ ਸੂਬਿਆਂ ਨੇ ਠੁਕਰਾ ਦਿੱਤਾ ਹੈ। ਇਸ ਕਰਕੇ ਯੂਟੀ ਪ੍ਰਸ਼ਾਸਨ ਨੇ ਵੀ ਹੁਣ ਸ਼ਹਿਰ ਵਿਚ ਵੀਕੈਂਡ ਕਰਫਿਊ ਨਾ ਲਗਾਉਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਅਚਾਨਕ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਟ੍ਰਾਈਸਿਟੀ ਵਿਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਸੋਮਵਾਰ 6 ਵਜੇ ਤੱਕ ਕਰਫਿਊ ਲਗਾਉਣ ਦੀ ਯੋਜਨਾ ਬਣਾ ਰਿਹਾ ਸੀ ਜਿਸ ਲਈ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖ ਕੇ ਮੁਹਾਲੀ ਅਤੇ ਪੰਚਕੂਲਾ ਵਿਚ ਵੀ ਵੀਕੈਂਡ ਕਰਫਿਊ ਲਗਾਉਣ ਲਈ ਕਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿਚ ਵੀਕੈਂਡ ਕਰਫਿਊ ਉਦੋਂ ਤੱਕ ਪ੍ਰਭਾਵੀ ਨਹੀਂ ਹੋਵੇਗਾ, ਜਦੋਂ ਤੱਕ ਇਸ ਨੂੰ ਇਕੋਂ ਸਮੇ ਵਿਚ ਮੁਹਾਲੀ ਅਤੇ ਪੰਚਕੂਲਾ ਵਿਚ ਨਹੀਂ ਲਗਾਇਆ ਜਾਂਦਾ ਪਰ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਯੂਟੀ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਨੂੰ ਅਸਵੀਕਾਰ ਕੀਤਾ ਹੈ। ਦੂਜੇ ਪਾਸੇ ਚੰਡੀਗੜ੍ਹ ਦੇ ਵਪਾਰੀਆਂ ਨੇ ਵੀ ਇਹ ਕਹਿ ਕੇ ਵੀਕੈਂਡ ਕਰਫਿਊ ਦਾ ਵਿਰੋਧ ਕੀਤਾ ਹੈ ਕਿ ਜੇਕਰ ਇਸ ਵਾਰ ਮੁੜ ਕਰਫਿਊ ਲੱਗਿਆ ਤਾਂ ਉਨ੍ਹਾਂ ਦਾ ਧੰਦਾ ਫਿਰ ਠੱਪ ਹੋ ਜਾਵੇਗਾ ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਫਿਲਹਾਲ ਸ਼ਹਿਰ ਵਿਚ ਵੀਕੈਂਡ ਕਰਫਿਊ ਨਾ ਲਗਾਉਣ ਦਾ ਐਲਾਨ ਕੀਤਾ ਹੈ ਪਰ ਉੱਥੇ ਹੀ ਹੁਣ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸਾਰੇ ਬਾਰਡਰਾਂ ਉੱਤੇ ਸਖਤੀ ਵਧਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਸ਼ਹਿਰ ਵਿਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ ਅਤੇ ਕੋਰੋਨਾ ਦੇ ਫੈਲਾਅ ਨੂੰ ਕਾਬੂ ਵਿਚ ਕੀਤਾ ਜਾ ਸਕੇ।
