ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਵਿੱਚ ਮਹਾਂਪੁਰਖਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੇ ਨਾਂ ‘ਤੇ ਬਣੇ ਚੌਂਕਾਂ ਦੀ ਦਿਖ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸਨਾਤਨ ਜਾਗਰਨ ਮੰਚ ਵੱਲੋਂ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਮੰਚ ਨੇ ਚੌਂਕਾਂ ਦੇ ਆਲੇ-ਦੁਆਲੇ ਲਗਾਏ ਜਾਂਦੇ ਫਲੈਕਸ ਬੋਰਡਾਂ ਅਤੇ ਪੋਸਟਰਾਂ ‘ਤੇ ਪੂਰਨ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ।
ਧਾਰਮਿਕ ਅਤੇ ਇਤਿਹਾਸਕ ਚੌਂਕਾਂ ਦੀ ਸੁੰਦਰਤਾ ਹੋ ਰਹੀ ਹੈ ਪ੍ਰਭਾਵਿਤ
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਪ੍ਰਮੁੱਖ ਚੌਂਕਾਂ—ਜਿਵੇਂ ਕਿ ਭਗਵਾਨ ਪਰਸ਼ੂਰਾਮ ਚੌਂਕ, ਹਨੂਮਾਨ ਚੌਂਕ, ਭਾਈ ਲਾਲੋ ਚੌਂਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਆਸ-ਪਾਸ ਵੱਖ-ਵੱਖ ਸਮਾਗਮਾਂ, ਪ੍ਰਚਾਰ ਅਤੇ ਵਪਾਰਕ ਇਸ਼ਤਿਹਾਰਬਾਜ਼ੀ ਦੇ ਬੋਰਡ ਤੇ ਪੋਸਟਰ ਅਕਸਰ ਲਗਾ ਦਿੱਤੇ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਨੁਹਾਰ ਖ਼ਰਾਬ ਹੁੰਦੀ ਹੈ, ਸਗੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਇਸ ਮੁੱਦੇ ‘ਤੇ ਪਹਿਲਾਂ ਵੀ ਕਈ ਵਾਰ ਸਥਾਨਕ ਲੋਕਾਂ ਵੱਲੋਂ ਆਵਾਜ਼ ਚੁੱਕੀ ਜਾ ਚੁੱਕੀ ਹੈ।
ਨਗਰ ਕੌਂਸਲ ਵਿੱਚ ਜਲਦ ਪਾਸ ਕੀਤਾ ਜਾਵੇਗਾ ਮਤਾ: ਪ੍ਰਧਾਨ ਬਲਜੀਤ ਪਾਹੜਾ
ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਦੀ ਅਗਵਾਈ ਹੇਠ ਮਿਲੇ ਵਫ਼ਦ ਦੀ ਮੰਗ ‘ਤੇ ਤੁਰੰਤ ਸੰਜੀਦਗੀ ਦਿਖਾਉਂਦਿਆਂ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਂਪੁਰਖਾਂ ਦੇ ਨਾਂ ‘ਤੇ ਬਣੇ ਚੌਂਕਾਂ ਦੀ ਪਵਿੱਤਰਤਾ ਅਤੇ ਸੁੰਦਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਬਹੁਤ ਜਲਦ ਨਗਰ ਕੌਂਸਲ ਦੀ ਮੀਟਿੰਗ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਅਜਿਹੀ ਬਿਨਾਂ ਇਜਾਜ਼ਤ ਦੀ ਇਸ਼ਤਿਹਾਰਬਾਜ਼ੀ ‘ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


