ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦਾ ਨਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਇਸ ਵਾਰ ਉਨ੍ਹਾਂ ਦੇ ਬੇਹੱਦ ਨਜ਼ਦੀਕੀ ਸਾਥੀਆਂ ਅਤੇ ਮੈਨੇਜਰ ‘ਤੇ ਚੰਡੀਗੜ੍ਹ ਦੇ ਇੱਕ ਨਾਈਟ ਕਲੱਬ ਵਿੱਚ ਗੁੰਡਾਗਰਦੀ ਕਰਨ ਅਤੇ ਇੱਕ NRI ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਸੈਕਟਰ-26 ਥਾਣਾ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ‘ਤੇ ਕਰਨ ਔਜਲਾ ਦੇ ਮੈਨੇਜਰ ਅਤੇ ਉਸ ਦੇ ਸਾਥੀ ਸਣੇ ਪੰਜ ਲੋਕਾਂ ਖ਼ਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।
ਬਹਿਸਬਾਜ਼ੀ ਤੋਂ ਬਾਅਦ ਚੱਲੇ ਲੱਤਾਂ-ਮੁੱਕੇ
ਮਿਲੀ ਜਾਣਕਾਰੀ ਮੁਤਾਬਕ ਇਹ ਸਾਰਾ ਵਿਵਾਦ ਚੰਡੀਗੜ੍ਹ ਦੇ ਸੈਕਟਰ-26 ਸਥਿਤ ਇੱਕ ਨਾਮਵਰ ਕਲੱਬ ਦੇ ਅੰਦਰ ਸ਼ੁਰੂ ਹੋਇਆ। ਇੱਥੇ ਇੱਕ NRI ਸਟੂਡੈਂਟ ਦੀ ਕੁਝ ਨੌਜਵਾਨਾਂ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ। ਜਦੋਂ ਸਥਿਤੀ ਵਿਗੜਦੀ ਦੇਖ ਕਲੱਬ ਵਿੱਚ ਤਾਇਨਾਤ ਬਾਊਂਸਰਾਂ ਨੇ ਪੀੜਤ ਵਿਦਿਆਰਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਅਤੇ ਧੱਕਾ-ਮੁੱਕੀ ਕੀਤੀ।
ਕਲੱਬ ਦੇ ਬਾਹਰ ਪਿਸਤੌਲ ਦਿਖਾ ਕੇ ਦਿੱਤੀ ਧਮਕੀ
ਝਗੜਾ ਸਿਰਫ਼ ਕਲੱਬ ਦੇ ਅੰਦਰ ਹੀ ਨਹੀਂ ਰੁਕਿਆ, ਬਲਕਿ ਕਲੱਬ ਦੇ ਬਾਹਰ ਆ ਕੇ ਇੱਕ ਮੁਲਜ਼ਮ ਨੇ ਪੀੜਤ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਾਹੌਲ ਗਰਮ ਹੁੰਦਾ ਦੇਖ ਸਾਰੇ ਮੁਲਜ਼ਮ ਆਪਣੀ ਬੀ.ਐਮ.ਡਬਲਯੂ. (BMW) ਲਗਜ਼ਰੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਤੇਜ਼ ਰਫ਼ਤਾਰ ਕਾਰ ਭਜਾਉਣ ਦੇ ਚੱਕਰ ਵਿੱਚ ਮੁਲਜ਼ਮਾਂ ਨੇ ਪਾਰਕਿੰਗ ਵਿੱਚ ਖੜ੍ਹੀਆਂ ਚਾਰ ਹੋਰ ਗੱਡੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਭਾਜੜ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ-26 ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ।
ਮੈਨੇਜਰ ਬਲਦੀਪ ਸਰਾਓਂ ਅਤੇ ਜਗਦੀਪ ਕੰਗ ‘ਤੇ ਮਾਮਲਾ ਦਰਜ
ਪੁਲਿਸ ਨੇ ਤੁਰੰਤ ਪੀੜਤ ਵਿਦਿਆਰਥੀ ਦਾ ਮੈਡੀਕਲ ਕਰਵਾਇਆ, ਜਿਸ ਦੀ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਪੁਸ਼ਟੀ ਨਹੀਂ ਹੋਈ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਕਰਨ ਔਜਲਾ ਦੇ ਮੈਨੇਜਰ ਬਲਦੀਪ ਸਰਾਓਂ ਅਤੇ ਉਸ ਦੇ ਕਰੀਬੀ ਜਗਦੀਪ ਕੰਗ ਸਮੇਤ 5 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਸਥਾਨਕ ਕਾਰੋਬਾਰੀ ਵੀ ਸ਼ਾਮਲ ਹੈ, ਜਦਕਿ 2 ਹਾਲੇ ਅਣਪਛਾਤੇ ਹਨ। ਪੁਲਿਸ ਨੇ ਕਲੱਬ ਅਤੇ ਆਲੇ-ਦੁਆਲੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਹੁਸੈਨੀਵਾਲਾ ਸਰਹੱਦੀ ਖੇਤਰ ‘ਚ ਖੁਦਾਈ ਦੌਰਾਨ ਮਿਲਿਆ ਸ਼ੱਕੀ ਬੰਬ; ਫ਼ੌਜ ਅਤੇ ਪੁਲਿਸ ਨੇ ਇਲਾਕੇ ਨੂੰ ਲਿਆ ਘੇਰੇ ‘ਚ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



