ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੀਐਮ ਕੇਅਰਜ਼ ਫੰਡ ਬਣਾਇਆ ਗਿਆ ਹੈ ਜਿਸ ਵਿਚ ਹੁਣ ਤੱਕ ਹਰ ਆਮ ਤੋਂ ਖਾਸ ਵਿਅਕਤੀ ਨੇ ਆਰਥਿਕ ਪੱਖੋਂ ਆਪਣਾ ਸਹਿਯੋਗ ਦਿੱਤਾ ਹੈ ਪਰ ਇਸ ਕੇਅਰਜ਼ ਫੰਡ ਉੱਤੇ ਵਿਰੋਧੀ ਧੀਰਾਂ ਸਵਾਲ ਵੀ ਖੜ੍ਹੇ ਕਰਦੀਆਂ ਰਹੀਆਂ ਹਨ ਤੇ ਕਾਂਗਰਸ ਨੇ ਤਾਂ ਇਸਦਾ ਆਡਿਟ ਕਰਵਾਉਣ ਦੀ ਮੰਗ ਵੀ ਕੀਤੀ ਸੀ ਪਰ ਹੁਣ ਕੋਰੋਨਾ ਨਾਲ ਲੜਨ ਲਈ ਪੀਐਮ ਕੇਅਰਜ਼ ਫੰਡ ਵਿਚੋਂ 3100 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਪੈਸੇ ਅਲਾਟ ਕਰਨ ਦੀ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਦਿੱਤੀ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ 3100 ਕਰੋੜ ਰੁਪਇਆਂ ਵਿਚੋਂ 50 ਹਜ਼ਾਰ ਵੈਂਟੀਲੇਟਰ ਖਰੀਦਣ ਲਈ 2000 ਕਰੋੜ ਰੁਪਏ ਵਰਤੇ ਜਾਣਗੇ ਅਤੇ 100 ਕਰੋੜ ਰੁਪਏ ਦੀ ਰਾਸ਼ੀ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਉੱਤੇ ਖਰਚ ਕੀਤੀ ਜਾਵੇਗੀ। ਵੈਕਸੀਨ ਬਣਾਉਣ ਲਈ ਜਾਰੀ ਫੰਡ ਦੀ ਵਰਤੋਂ ਪ੍ਰਧਾਨ ਮੰਤਰੀ ਦੇ ਵਿਗਿਆਨਿਕ ਸਲਾਹਕਾਰ ਦੀ ਨਿਗਰਾਨੀ ਵਿਚ ਹੋਵੇਗੀ। ਇਸ ਤੋਂ ਇਲਾਵਾ 1000 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ, ਖਾਣ-ਪੀਣ ਅਤੇ ਮੈਡਕੀਲ ਜਰੂਰਤਾਂ ਲਈ ਵਰਤਿਆ ਜਾਵੇਗਾ। ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਦਿੱਤਾ ਗਿਆ ਇਹ ਫੰਡ ਜਿਲਾ ਅਧਿਕਾਰੀ ਅਤੇ ਕਾਰਪੋਰੇਸ਼ਨ ਕਮੀਸ਼ਨਰ ਦੇ ਅਧੀਨ ਹੋਵੇਗਾ। ਦੱਸ ਦਈਏ ਕਿ ਪੀਐਮ ਕੇਅਰਜ਼ ਫੰਡ ਦਾ ਗਠਨ 27 ਮਾਰਚ 2020 ਨੂੰ ਪੀਐਮ ਮੋਦੀ ਦੀ ਅਗਵਾਈ ਵਿਚ ਹੋਇਆ ਸੀ ਜਿਸ ਦੇ ਮੈਬਰ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਹਨ। ਪੀਐਮ ਮੋਦੀ ਨੇ ਜਦੋਂ ਦੇਸ਼ ਦੀ ਜਨਤਾ ਨੂੰ ਕੇਅਰ ਫੰਡ ਵਿਚ ਦਾਨ ਕਰਨ ਦੀ ਅਪੀਲ ਕੀਤੀ ਸੀ ਤਾਂ ਲੋਕਾਂ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਸੀ । ਕੋਰੋਨਾ ਵਿਰੁੱਧ ਲੜਾਈ ਵਿਚ ਟਾਟਾ ਟਰੱਸਟ ਨੇ 500 ਕਰੋੜ ਰੁਪਏ ਜਦਕਿ ਟਾਟਾ ਸਨਸ ਨੇ ਵੱਖ ਤੋਂ 1000 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਇਸ ਫੰਡ ਵਿਚ ਆਪਣਾ-ਆਪਣਾ ਸਹਿਯੋਗ ਦੇ ਕੇ ਕੋਰੋਨਾ ਵਿਰੁੱਧ ਲੜਾਈ ਵਿਚ ਭੂਮਿਕਾ ਨਿਭਾਈ ਹੈ।

