ਪਟਿਆਲਾ : ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਦੌਣ ਕਲਾਂ ਨੇੜੇ ਦੇਰ ਰਾਤ ਨੂੰ 6 ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਦੋ ਨੌਜਵਾਨਾਂ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਦਾ ਮੋਬਾਈਲ ਫੋਨ ਅਤੇ ਆਲਟੋ ਕਾਰ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੀੜਤ ਨੇ ਦੱਜੀ ਹੱਡ ਬੀਤੀ
ਪੁਲਿਸ ਮੁਤਾਬਕ ਪੀੜਤ ਨੌਜਵਾਨ ਗੁਰਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ 12 ਮਈ ਦੀ ਰਾਤ ਆਪਣੇ ਸਾਥੀ ਯਾਦਵਿੰਦਰ ਸਿੰਘ ਨਾਲ ਆਪਣੀ ਆਲਟੋ ਕਾਰ ਵਿੱਚ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੇ ਸਨ। ਰਾਤ ਕਰੀਬ 10:20 ਵਜੇ ਜਦੋਂ ਉਹ ਪਿੰਡ ਦੌਣ ਕਲਾਂ ਕੋਲ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੇ ਕੁਝ ਨੌਜਵਾਨ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਏ। ਇਸ ਦੌਰਾਨ ਇੱਕ ਸਾਈਡ ਤੋਂ ਦੋ ਹੋਰ ਨੌਜਵਾਨ ਮੋਟਰਸਾਈਕਲ ‘ਤੇ ਆ ਗਏ। ਇਸ ਦੌਰਾਨ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੋਬਾਈਲ ਫੋਨ ਤੇ ਆਲਟੋ ਕਾਰ ਖੋਹ ਕੇ ਫਰਾਰ ਹੋ ਗਏ।
ਪੁਲਿਸ ਨੇ ਦਰਜ ਕੀਤੇ ਬਿਆਨ
ਪੀੜਤ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਇੱਕ ਹਮਲਾਵਰ ਪਹਿਲਾਂ ਤੋਂ ਜਾਣਦਾ ਸੀ। ਉਸ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਅਤੇ ਸਾਰੇ ਮਿਲ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੁਰਵੀਰ ਸਿੰਘ ਦੀ ਬਾਂਹ ਅਤੇ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ 6 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਲੁੱਟ, ਹਮਲਾ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਪਹਿਚਾਣ ਲਈ ਜਾਂਚ ਜਾਰੀ ਹੈ।



