ਬਰਨਾਲਾ : ਬਰਨਾਲਾ-ਮੋਗਾ ਨੈਸ਼ਨਲ ਹਾਈਵੇ ‘ਤੇ ਪਿੰਡ ਭੋਤਨਾ ਨੇੜੇ ਬਣੀ ‘ਕੈਰੇ ਪੀਜ਼ਾ’ ਦੀ ਨਵੀਂ ਬਿਲਡਿੰਗ ਵਿੱਚ ਇੱਕ ਮੰਦਭਾਗੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜ਼ਿਲ ‘ਤੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ 25 ਸਾਲਾ ਨੌਜਵਾਨ ਵਕੀਲ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿਲ ਕਲਾਂ ਦੇ ਪਿੰਡ ਕੈਰੇ ਦੇ ਰਹਿਣ ਵਾਲੇ ਐਡਵੋਕੇਟ ਮਨਪ੍ਰੀਤ ਸਿੰਘ ਪੁੱਤਰ ਸਵ. ਜਗਜੀਵਨ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਕਿਵੇਂ ਵਾਪਰਿਆ ਹਾਦਸਾ?
ਮਿਲੀ ਜਾਣਕਾਰੀ ਮੁਤਾਬਕ ਐਡਵੋਕੇਟ ਮਨਪ੍ਰੀਤ ਸਿੰਘ ਸ਼ਾਮ ਲਗਭਗ 5:30 ਵਜੇ ਆਪਣੇ ਘਰੋਂ ਨੇੜਲੇ ਪਿੰਡ ਭੋਤਨਾ ਸਥਿਤ ‘ਕੈਰੇ ਪੀਜ਼ਾ’ ਵਿਖੇ ਗਿਆ ਸੀ। ਜਦੋਂ ਉਹ ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜ਼ਿਲ ‘ਤੇ ਚੜ੍ਹਿਆ, ਤਾਂ ਉੱਥੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਉਸ ਦੇ ਸਿਰ ਨਾਲ ਟੱਚ ਹੋ ਗਈਆਂ। ਕਰੰਟ ਦਾ ਜ਼ਬਰਦਸਤ ਝਟਕਾ ਲੱਗਣ ਕਾਰਨ ਥਾਂ ‘ਤੇ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਲਾਏ ਲਾਪਰਵਾਹੀ ਦੇ ਗੰਭੀਰ ਦੋਸ਼
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ‘ਕੈਰੇ ਪੀਜ਼ਾ’ ਦੇ ਮਾਲਕਾਂ ‘ਤੇ ਵੱਡੀ ਲਾਪਰਵਾਹੀ ਬਰਤਣ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉੱਪਰਲੀ ਮੰਜ਼ਿਲ ਵੱਲ ਜਾਂਦੇ ਦਰਵਾਜ਼ੇ ‘ਤੇ ਨਾ ਤਾਂ ਕੋਈ ਤਾਲਾ ਲੱਗਿਆ ਹੋਇਆ ਸੀ ਅਤੇ ਨਾ ਹੀ ਉੱਥੇ ਕੋਈ ਸਕਿਓਰਿਟੀ ਗਾਰਡ ਤਾਇਨਾਤ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਕਰੰਟ ਲੱਗਣ ਤੋਂ ਬਾਅਦ ਮਨਪ੍ਰੀਤ ਕਾਫ਼ੀ ਸਮਾਂ ਤੜਫਦਾ ਰਿਹਾ, ਪਰ ਉਸ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਗਰੀਬੀ ਨਾਲ ਲੜ ਕੇ ਬਣਿਆ ਸੀ ਵਕੀਲ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਗਰੀਬੀ ਰੇਖਾ ਹੇਠ ਟਾਇਲ-ਬਾਲਿਆਂ ਵਾਲੇ ਪੁਰਾਣੇ ਘਰ ਵਿੱਚ ਗੁਜ਼ਾਰਾ ਕਰ ਰਹੇ ਹਨ। 2 ਸਾਲ ਪਹਿਲਾਂ ਮਨਪ੍ਰੀਤ ਦੇ ਪਿਤਾ ਜਗਜੀਵਨ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਾਤਾ ਜਸਵੀਰ ਕੌਰ ਨੇ ਬੜੀ ਮਿਹਨਤ-ਮਜ਼ਦੂਰੀ ਕਰਕੇ ਆਪਣੇ ਵੱਡੇ ਪੁੱਤਰ ਮਨਪ੍ਰੀਤ ਨੂੰ ਬੀ.ਏ. ਐੱਲ.ਐੱਲ.ਬੀ. ਕਰਵਾਈ। ਮਨਪ੍ਰੀਤ ਬਰਨਾਲਾ ਕੋਰਟ ਕੰਪਲੈਕਸ ਵਿੱਚ ਐਡਵੋਕੇਟ ਪਰਮਜੀਤ ਸਿੰਘ ਮਸੋਣ ਕੋਲ ਪ੍ਰੈਕਟਿਸ ਕਰ ਰਿਹਾ ਸੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਰਿਹਾ ਸੀ। ਉਸ ਦਾ ਛੋਟਾ ਭਰਾ ਗਗਨਦੀਪ ਸਿੰਘ 3 ਸਾਲ ਪਹਿਲਾਂ ਅਗਨੀਵੀਰ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਸ ਵੇਲੇ ਉੱਤਰ ਪ੍ਰਦੇਸ਼ (UP) ਵਿਖੇ ਡਿਊਟੀ ‘ਤੇ ਹੈ।
ਬਿਲਡਿੰਗ ਮਾਲਕਾਂ ਦੀ ਸਫ਼ਾਈ
ਦੂਜੇ ਪਾਸੇ, ‘ਕੈਰੇ ਪੀਜ਼ਾ’ ਦੇ ਮਾਲਕ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਮੀਡੀਆ ਦੇ ਕੈਮਰਿਆਂ ਤੋਂ ਦੂਰੀ ਬਣਾਉਂਦਿਆਂ ਮਾਲਕਾਂ ਨੇ ਦਾਅਵਾ ਕੀਤਾ ਕਿ ਨਵੀਂ ਬਿਲਡਿੰਗ ਵਿੱਚ ਉੱਪਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਅਤੇ ਉੱਥੇ ਚੇਤਾਵਨੀ ਵਾਲੇ ਸਾਈਨ ਬੋਰਡ ਵੀ ਲਗਾਏ ਗਏ ਹਨ। ਉਨ੍ਹਾਂ ਮੁਤਾਬਕ ਮਨਪ੍ਰੀਤ ਬਿਨਾਂ ਦੱਸੇ ਉੱਪਰ ਚੜ੍ਹ ਗਿਆ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ। ਬਿਲਡਿੰਗ ਮਾਲਕ ਦੇ ਹੱਕ ਵਿੱਚ ਕੁਝ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਵੀ ਆਈਆਂ ਹਨ, ਜਿਨ੍ਹਾਂ ਨੇ ਇਸ ਨੂੰ ਅਚਾਨਕ ਵਾਪਰਿਆ ਹਾਦਸਾ ਦੱਸਿਆ ਹੈ।
ਵਕੀਲ ਭਾਈਚਾਰੇ ‘ਚ ਰੋਸ, ਪੁਲਿਸ ਜਾਂਚ ਸ਼ੁਰੂ
ਘਟਨਾ ਦੀ ਖ਼ਬਰ ਮਿਲਦਿਆਂ ਹੀ ਬਰਨਾਲਾ, ਬਠਿੰਡਾ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵਕੀਲ ਭਾਈਚਾਰਾ ਪੀੜਤ ਪਰਿਵਾਰ ਦੇ ਹੱਕ ਵਿੱਚ ਆ ਗਿਆ ਹੈ। ਵਕੀਲਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਸਬੰਧੀ ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਬਰਨਾਲਾ ਤੋਂ ਰੁੱਕਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰਕੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Chandigarh explosive case: ਗ੍ਰਿਫ਼ਤਾਰ ਕੀਤੇ ਤਿੰਨੇ ਮੁਲਜ਼ਮ ਅਦਾਲਤ ‘ਚ ਪੇਸ਼; ਇੱਥੋ ਦੇ ਰਹਿਣ ਵਾਲੇ ਹਨ ਦੋਸ਼ੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

