ਪੰਜਾਬ ਦੀਆਂ ਧੀਆਂ ਨੇ ਫਿਰ ਗੱਡੇ ਸਫ਼ਲਤਾ ਦੇ ਝੰਡੇ: 8ਵੀਂ ਦੇ ਨਤੀਜਿਆਂ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਲੜਕੀਆਂ ਦਾ ਕਬਜ਼ਾ 

ਫਰੀਦਕੋਟ/ਜੈਤੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ…

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ

ਫਰੀਦਕੋਟ/ਜੈਤੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਸੂਬੇ ਭਰ ਵਿੱਚੋਂ ਪਹਿਲੇ ਤਿੰਨ ਸਥਾਨਾਂ ‘ਤੇ ਲੜਕੀਆਂ ਨੇ ਕਬਜ਼ਾ ਕੀਤਾ ਹੈ, ਜਿਨ੍ਹਾਂ ਵਿੱਚੋਂ ਪਹਿਲਾ ਅਤੇ ਤੀਜਾ ਸਥਾਨ ਫਰੀਦਕੋਟ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਦੇ ਹਿੱਸੇ ਆਇਆ ਹੈ।

ਭੱਠਾ ਮੁਨੀਮ ਦੀ ਧੀ ਨੇ 100% ਅੰਕਾਂ ਨਾਲ ਪੰਜਾਬ ਭਰ ‘ਚੋਂ ਕੀਤਾ ਟਾਪ

ਫਰੀਦਕੋਟ ਦੇ ਉਪ-ਮੰਡਲ ਜੈਤੋ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਮੰਨਾ ਨੇ 600 ਵਿੱਚੋਂ 600 ਅੰਕ (100 ਫੀਸਦੀ) ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਤਮੰਨਾ ਦੇ ਪਿਤਾ ਨਰਿੰਦਰ ਕੁਮਾਰ ਇੱਕ ਇੱਟ ਭੱਠੇ ‘ਤੇ ਮੁਨੀਮ ਵਜੋਂ ਕੰਮ ਕਰਦੇ ਹਨ। ਚਾਰ ਭੈਣਾਂ ਵਿੱਚੋਂ ਸਭ ਤੋਂ ਵੱਡੀ ਤਮੰਨਾ ਦੀ ਇਸ ਉਪਲਬਧੀ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਗਰੀਬੀ ਕਦੇ ਵੀ ਰਸਤੇ ਦਾ ਰੋੜਾ ਨਹੀਂ ਬਣਦੀ।

ਤਮੰਨਾ ਦੀ ਮਾਤਾ ਸੁਨੀਤਾ ਰਾਣੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੀਆਂ ਚਾਰੇ ਧੀਆਂ ਨੂੰ ਉੱਚੀ ਸਿੱਖਿਆ ਦਿਵਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਧੀ ਕਿਸੇ ਪੁੱਤ ਤੋਂ ਘੱਟ ਨਹੀਂ ਹੈ। ਤਮੰਨਾ ਖੁਦ ਪੜ੍ਹ-ਲਿਖ ਕੇ ਇੱਕ ਉੱਚ ਅਧਿਕਾਰੀ ਬਣਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੀਆਂ ਛੋਟੀਆਂ ਭੈਣਾਂ ਦਾ ਭਵਿੱਖ ਵੀ ਸੰਵਾਰ ਸਕੇ।

ਮਾਰਬਲ ਮਿਸਤਰੀ ਦੀ ਧੀ ਜਸ਼ਨਦੀਪ ਕੌਰ ਨੇ ਹਾਸਲ ਕੀਤਾ ਤੀਜਾ ਸਥਾਨ

ਜ਼ਿਲ੍ਹੇ ਦੇ ਪਿੰਡ ਕੋਟਸੁੱਖੀਆ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ 600 ਵਿੱਚੋਂ 598 ਅੰਕ (99.67 ਫੀਸਦੀ) ਲੈ ਕੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਜਸ਼ਨਦੀਪ ਦੇ ਪਿਤਾ ਹਰਪ੍ਰੀਤ ਸਿੰਘ ਘਰਾਂ ਵਿੱਚ ਮਾਰਬਲ-ਪੱਥਰ ਲਗਾਉਣ ਦਾ ਕੰਮ ਕਰਦੇ ਹਨ। ਜਸ਼ਨਦੀਪ ਦਾ ਸੁਪਨਾ UPSC ਦੀ ਪ੍ਰੀਖਿਆ ਪਾਸ ਕਰਕੇ ਇੱਕ IPS ਅਫ਼ਸਰ ਬਣਨ ਦਾ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਨੂੰ ਦਿੱਤਾ ਹੈ।

ਸਕੂਲ ਪ੍ਰਬੰਧਕਾਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਸਕੂਲ ਪ੍ਰਬੰਧਕ ਸੰਦੀਪ ਕੁਮਾਰ ਥਾਪਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੇ ਬਿਨਾਂ ਕਿਸੇ ਟਿਊਸ਼ਨ ਦੇ ਆਪਣੀ ਮਿਹਨਤ ਅਤੇ ਸਕੂਲ ਦੀ ਪੜ੍ਹਾਈ ਸਦਕਾ ਇਸ ਮੁਕਾਮ ‘ਤੇ ਪਹੁੰਚੇ ਹਨ। ਪੜ੍ਹਾਈ ਦੇ ਨਾਲ-ਨਾਲ ਇਹ ਬੱਚੇ ਖੇਡਾਂ ਵਿੱਚ ਵੀ ਮੋਹਰੀ ਹਨ। ਦੋਵਾਂ ਹੋਣਹਾਰ ਬੇਟੀਆਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਪੂਰੇ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਸਫ਼ਲਤਾ ਦੀ ਚਰਚਾ ਹੋ ਰਹੀ ਹੈ।

 

Leave a Reply

Your email address will not be published. Required fields are marked *