ਨਾਭਾ:ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਵਿਸ਼ਵ ਪੱਧਰ ‘ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਨਾਭਾ ਬਲਾਕ ਦੇ ਪਿੰਡ ਚਹਿਲ ਦੀ ਜੰਮਪਲ ਅਤੇ ਮੌਜੂਦਾ ਸਮੇਂ ਸਿਡਨੀ ਵਾਸੀ ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ‘ਤੇ ਆਪਣਾ ਪਰਚਮ ਲਹਿਰਾਇਆ ਹੈ। ਸੁੱਖੀ ਬੱਲ ਨੇ ਨੇਪਾਲ ਦੀ ਪ੍ਰਸਿੱਧ ‘ਮਾਊਂਟ ਅਮਾ ਡਬਲਾਮ’ ਚੋਟੀ ਨੂੰ ਫ਼ਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ।
ਪਹਿਲੀ ਪੰਜਾਬਣ ਬਣਨ ਦਾ ਮਾਣ
ਸੁੱਖੀ ਬੱਲ ਨੇ ਬੀਤੀ 15 ਅਪ੍ਰੈਲ, 2026 ਨੂੰ 6,812 ਮੀਟਰ ਉੱਚੀ ਇਸ ਚੋਟੀ ‘ਤੇ ਸਫ਼ਲਤਾਪੂਰਵਕ ਚੜ੍ਹਾਈ ਪੂਰੀ ਕੀਤੀ। ਇਸ ਉਪਲਬਧੀ ਨਾਲ ਉਹ ‘ਮਾਊਂਟ ਅਮਾ ਡਬਲਾਮ’ ਸਰ ਕਰਨ ਵਾਲੀ ਪਹਿਲੀ ਪੰਜਾਬਣ ਅਤੇ ਭਾਰਤ ਦੀ 6ਵੀਂ ਮਹਿਲਾ ਪਰਬਤਾਰੋਹੀ ਬਣ ਗਈ ਹੈ। ਇਹ ਸਫ਼ਰ ਬਹੁਤ ਚੁਣੌਤੀਪੂਰਨ ਸੀ, ਜਿਸ ਨੂੰ ਪੂਰਾ ਕਰਨ ਲਈ ਸੁੱਖੀ ਬੱਲ ਨੂੰ ਲਗਭਗ 21 ਦਿਨਾਂ ਦਾ ਸਖ਼ਤ ਮਿਹਨਤ ਭਰਿਆ ਸਮਾਂ ਲੱਗਿਆ। ਇਸ ਮਿਸ਼ਨ ਵਿੱਚ ਉਨ੍ਹਾਂ ਨੂੰ ਆਪਣੇ ਗਾਈਡ ਸਾਂਗੇ ਸ਼ੇਰਪਾ ਅਤੇ ਉਨ੍ਹਾਂ ਦੀ ਟੀਮ ਦਾ ਭਰਪੂਰ ਸਹਿਯੋਗ ਮਿਲਿਆ।
ਪੰਜਾਬੀਅਤ’ ਦਾ ਪ੍ਰਤੀਕ: ਚੋਟੀ ‘ਤੇ ਲਹਿਰਾਈ ਚਿੱਟੀ ਚੁੰਨੀ
ਚੋਟੀ ‘ਤੇ ਪਹੁੰਚ ਕੇ ਸੁੱਖੀ ਬੱਲ ਨੇ ਜਿੱਥੇ ਆਪਣੀ ਜਿੱਤ ਦਾ ਜਸ਼ਨ ਮਨਾਇਆ, ਉੱਥੇ ਹੀ ਉਨ੍ਹਾਂ ਨੇ ਆਪਣੀ ਜੜ੍ਹਾਂ ਨਾਲ ਜੁੜੇ ਹੋਣ ਦਾ ਸਬੂਤ ਵੀ ਦਿੱਤਾ। ਉਨ੍ਹਾਂ ਨੇ ਉੱਚੀ ਚੋਟੀ ‘ਤੇ ਪੰਜਾਬੀ ਸੱਭਿਆਚਾਰ ਦੀ ਨਿਸ਼ਾਨੀ ‘ਚਿੱਟੀ ਚੁੰਨੀ’ ਲਹਿਰਾ ਕੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾਇਆ। ਸੁੱਖੀ ਬੱਲ ਨੇ ਭਾਵੁਕ ਹੁੰਦਿਆਂ ਕਿਹਾ, “ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ। ਮੈਂ ਇਹ ਚੋਟੀ ਆਪਣੇ ਪੰਜਾਬ, ਆਪਣੀ ਪੰਜਾਬੀਅਤ ਅਤੇ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਕਰਦੀ ਹਾਂ।”
‘ਦਿਲ ਹਮੇਸ਼ਾ ਪੰਜਾਬ ਵਿੱਚ ਹੀ ਰਹੂਗਾ’
ਵਿਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਸੁੱਖੀ ਬੱਲ ਦਾ ਪੰਜਾਬ ਨਾਲ ਮੋਹ ਅਟੁੱਟ ਹੈ। ਉਨ੍ਹਾਂ ਕਿਹਾ ਕਿ ਉਹ ਭਾਵੇਂ ਕਿਤੇ ਵੀ ਵੱਸਦੀ ਹੋਵੇ, ਪਰ ਉਸਦਾ ਦਿਲ ਹਮੇਸ਼ਾ ਆਪਣੇ ਪਿੰਡ ਤੇ ਪੰਜਾਬ ਵਿੱਚ ਹੀ ਧੜਕਦਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਪੰਜਾਬ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਨੌਜਵਾਨਾਂ ਅਤੇ ਖਾਸ ਕਰਕੇ ਕੁੜੀਆਂ ਲਈ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਕਿ ਦ੍ਰਿੜ ਇਰਾਦੇ ਨਾਲ ਕਿਸੇ ਵੀ ਉਚਾਈ ਨੂੰ ਛੋਹਿਆ ਜਾ ਸਕਦਾ ਹੈ।



