ਆਨਲਾਈਨ ਡੈਸਕ /ਲਿਵਿੰਗ ਇੰਡੀਆ ਨਿਊਜ਼ – ਪੰਜਾਬ ਦੇ ਨੌਜਵਾਨ ਪੈਸਾ ਕਮਾਉਣ ਦੇ ਚੱਕਰ ਵਿੱਚ ਵਿਦੇਸ਼ ਤਾਂ ਚਲੇ ਜਾਂਦੇ ਹਨ, ਪਰ ਕਈ ਵਾਰ ਉਹ ਉਥੇ ਅਜਿਹੀ ਮੁਸੀਬਤ ਵਿੱਚ ਫਸ ਜਾਂਦੇ ਹਨ, ਜਿਸ ਵਿੱਚ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ।
ਅਜਿਹਾ ਹੀ ਕੁੱਝ ਵਾਪਰਿਆ ਹੈ ਮੁਕਤਸਰ ਦੇ ਨੌਜਵਾਨ ਬਲਵਿੰਦਰ ਸਿੰਘ ਨਾਲ, ਜੋ ਸਾਊਦੀ ਅਰਬ ’ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਕਿਸੇ ਲੜਾਈ ਕਾਰਨ ਮਿਸਰ ਦੇ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤਾ ਦੇ ਆਦੇਸ਼ ਦਿੱਤੇ ਹਨ। ਸਮਝੌਤੇ ਤਹਿਤ ਮ੍ਰਿਤਕ ਪਰਿਵਾਰ ਨੇ 1 ਕਰੋੜ 90 ਲੱਖ ਰੁਪਏ ਦੀ ਮੰਗ ਕੀਤੀ ਹੈ।
ਜੇਕਰ ਮ੍ਰਿਤਕ ਪਰਿਵਾਰ ਨੂੰ ਸਮਝੌਤੇ ਤਹਿਤ ਤੈਅ ਕੀਤੀ ਰਾਸ਼ੀ ਨਹੀਂ ਅਦਾ ਕੀਤੀ ਜਾਂਦੀ ਤਾਂ ਉੱਥੋਂ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਦੂਜੇ ਪਾਸੇ ਬਲਵਿੰਦਰ ਸਿੰਘ ਦੇ ਪੰਜਾਬ ਰਹਿੰਦੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਨੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਉਨਾਂ ਕਿਹਾ ਕਿ ਨਾ ਤਾਂ ਰਾਜਾ ਵੜਿੰਗ ਅਤੇ ਨਾ ਹੀ ਮਨਪ੍ਰੀਤ ਬਾਦਲ ਨੇ ਉਨਾਂ ਦੀ ਸਾਰ ਲਈ ਹੈ।
ਪਰਿਵਾਰ ਨੇ ਦੱਸਿਆ ਕਿ ਉਨਾਂ ਦੀ ਮਦਦ ਲਈ ਹੁਣ ਬੈਲਜ਼ੀਅਮ ਤੋਂ ਲੋਕ ਪਹੁੰਚੇ ਹਨ, ਪਰ ਆਪਣੇ ਸੂਬੇ ਵਿੱਚ ਉਨ੍ਹਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆ ਰਿਹਾ। ਪੀੜਤ ਪਰਿਵਾਰ ਇਸ ਵੇਲੇ ਬਹੁਤ ਡੂੰਘੇ ਸਦਮੇ ਵਿੱਚ ਹੈ ਅਤੇ ਆਪਣੇ ਬੇਟੇ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ।
ਖਾੜੀ ਮੁਲਕ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਅਦਾ ਕਰਕੇ ਪੰਜਾਬੀ ਨੌਜਵਾਨਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਜਿਆਦਾਤਰ ਨੌਜਵਾਨਾਂ ਦੀ ਮਦਦ ਉਘੇ ਕਾਰੋਬਾਰੀ ਐਸਪੀ ਸਿੰਘ ਓਬਰਾਏ ਨੇ ਕੀਤੀ ਹੈ।




