ਚੰਡੀਗੜ੍ਹ (ਇੰਟ.)- ਕਿਸਾਨ ਅੰਦੋਲਨ ਨੂੰ 7 ਮਹੀਨੇ ਪੂਰੇ ਹੋ ਗਏ ਹਨ ਪਰ ਕਿਸਾਨਾਂ ਵਲੋਂ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਸਰਕਾਰ ਵਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ। 11 ਵਾਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ। 500 ਤੋਂ ਵਧੇਰੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਤਹਿਤ 32 ਕਿਸਾਨ ਸੰਗਠਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਆਵਾਜ਼ ਹੁਣ ਤੱਕ ਪ੍ਰਧਾਨ ਮੰਤਰੀ ਤੱਕ ਪਹੁੰਚੀ ਹੈ। ਰਾਸ਼ਟਰਪਤੀ ਵੀ ਦੇਸ਼ ਦੇ ਸਰਵਉੱਚ ਵਿਅਕਤੀ ਹਨ ਅਤੇ ਸ਼ਨੀਵਾਰ ਨੂੰ ਖੇਤੀ ਬਚਾਓ-ਲੋਕਤੰਤਰ ਬਚਾਓ ਦਿਵਸ ਮਨਾਉਂਦੇ ਹੋਏ ਕਿਸਾਨ ਸੰਗਠਨਾਂ ਨੇ ਰਾਸ਼ਟਰਪਤੀ ਤੱਕ ਆਪਣੀ ਗੱਲ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਸਵੇਰੇ 11 ਵਜੇ ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਵਿਚ ਪੰਜਾਬ ਦੇ ਸਾਰੇ 32 ਕਿਸਾਨ ਨੇਤਾ ਅਤੇ ਹੋਰ ਸੰਗਠਨਾਂ ਦੇ ਨੇਤਾ ਪਹੁੰਚਣਗੇ ਅਤੇ ਇਥੋਂ ਰਾਜਭਵਨ ਤੱਕ ਰੋਸ ਮਾਰਚ ਸ਼ੁਰੂ ਕਰਨਗੇ।
ਕਿਸਾਨ ਸੰਗਠਨ ਰਾਸ਼ਟਰਪਤੀ ਦੇ ਨਾਮ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਯੂ.ਟੀ. ਪੁਲਿਸ ਨੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ। ਸ਼ਹਿਰ ਦੀਆਂ ਸਰਹੱਦਾਂ ‘ਤੇ ਬੈਰੀਕੇਡਿੰਗ ਕਰ ਕੇ ਸਖ਼ਤ ਬੰਦੋਬਸਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਲਾਂਪੁਰ ਬੈਰੀਅਰ, ਜ਼ੀਰਕਪੁਰ ਬੈਰੀਅਰ, ਹਾਊਸਿੰਗ ਬੋਰਡ ਚੌਕ ਦੀਆਂ ਹੱਦਾਂ ਸਮੇਤ 13 ਰਸਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸੱਤ ਮਹੀਨਿਆਂ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਭਾਰਤ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਕਈ ਰਾਜਾਂ ਦੇ ਲੱਖਾਂ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ।
Read this- ਅੱਜ ਮਨਾਇਆ ਜਾਵੇਗਾ ਖੇਤੀਬਾੜੀ ਬਚਾਓ ਲੋਕਤੰਤਰ ਬਚਾਓ ਦਿਵਸ, 13 ਰਸਤੇ ਬੰਦ
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ ‘ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ’ 1975 ਤੋਂ 1977 ਤੱਕ ਲੱਗੀ ਐਮਰਜੈਂਸੀ ਦੇ ਕਾਲੇ-ਦਿਨਾਂ ਦੀ ਪਿੱਠਭੂਮੀ ਖ਼ਿਲਾਫ਼ ਹੈ। ਉਹ ਅਜਿਹਾ ਸਮਾਂ ਸੀ ਜਦੋਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰ ਬੇਰਹਿਮੀ ਨਾਲ ਕੁਚਲੇ ਗਏ ਅਤੇ ਮਨੁੱਖੀ ਅਧਿਕਾਰਾਂ ’ਤੇ ਰੋਕ ਲਗਾਈ ਗਈ ਸੀ। ਉਨ੍ਹਾਂ ਕਿਹਾ, ‘ਅੱਜ ਦਾ ਤਾਨਾਸ਼ਾਹੀ ਸ਼ਾਸਨ ਉਨ੍ਹਾਂ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਪ੍ਰਗਟਾਵੇ ਦੀ ਆਜ਼ਾਦੀ ਤੇ ਵਿਰੋਧ ਕਰਨ ਦਾ ਹੱਕ ਸਭ ਕੁਝ ਰੋਕ ਦਿੱਤਾ ਗਿਆ ਸੀ। ਹੁਣ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ। ਉਨ੍ਹਾਂ ਕਿਹਾ ਕਿ ਭਲਕੇ ਗਵਰਨਰਾਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਸੌਂਪਦਿਆਂ ਸੰਵਿਧਾਨਿਕ ਹੱਕਾਂ, ਸਿਧਾਤਾਂ, ਲੋਕਤੰਤਰ ਦੀ ਰਾਖੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਜਾਵੇਗੀ। ਅੱਜ ਰਾਜਭਵਨ ਵੱਲ ਕਿਸਾਨ ਕੂਚ ਕਰਨਗੇ। ਵੱਡੀ ਗਿਣਤੀ ‘ਚ ਕਿਸਾਨਾਂ ਵੱਲੋਂ ਪੈਦਲ ਮਾਰਚ ਕੀਤਾ ਜਾਵੇਗਾ। ਰਾਸ਼ਟਰਪਤੀ ਦੇ ਨਾਮ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ।


