MANSA SANGRUR FLOOD REPORT:
ਤਬਾਹੀ ਦੀ ਸ਼ੁਰੂਆਤ
ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਦੀ ਵੱਡੀ ਵਜ੍ਹਾ ਪਹਾੜਾਂ ਵਿੱਚ ਪਿਆ ਮੀਂਹ ਅਤੇ ਫਿਰ ਉਸ ਮੀਂਹ ਨਾਲ ਨਹਿਰਾਂ ਵਿੱਚ ਵਧਿਆ ਜਲ ਪੱਧਰ। ਪਹਾੜਾਂ ’ਚ ਮੀਂਹ ਪੈਣ ਤੋਂ ਬਾਅਦ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਅਤੇ ਡੈਮ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ। ਜਿਸ ਤੋਂ ਬਾਅਦ ਇਸ ਵਧੇ ਹੋਏ ਪਾਣੀ ਨੂੰ ਅੱਗੇ ਛੱਡਣ ਦਾ ਫੈਸਲਾ ਕੀਤਾ ਗਿਆ। ਸਿੱਟੇ ਵਜੋਂ ਇਹ ਪਾਣੀ ਪੰਜਾਬ ਦੇ ਦਰਿਆਵਾਂ ਵਿੱਚ ਛੱਡਿਆ ਗਿਆ ਅਤੇ ਫਿਰ ਇਸ ਪਾਣੀ ਨੇ ਪੰਜਾਬ ਵਿੱਚ ਤਬਾਹੀ ਮਚਾਈ। ਸਤਲੁਜ, ਬਿਆਸ ਅਤੇ ਘੱਗਰ ਦੇ ਕੰਢੀ ਇਲਾਕਿਆਂ ਵਿੱਚ ਇਸ ਪਾਣੀ ਨੇ ਆਪਣੇ ਕਲਾਵੇ ਵਿੱਚ ਕਈ ਪਿੰਡ ਲੈ ਲਏ। ਜਲੰਧਰ, ਫਿਰੋਜ਼ਪੁਰ, ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਹਾਲੀ ਵਿੱਚ ਲੋਕਾਂ ਨੂੰ ਪਾਣੀ ਨਾਲ ਦੋ-ਚਾਰ ਹੋਣਾ ਪਿਆ।
ਤਾਜ਼ਾ ਹਲਾਤ
ਸਤਲੁਜ, ਬਿਆਸ ਦੀ ਤਬਾਹੀ ਤੋਂ ਬਾਅਦ ਹੁਣ ਘੱਗਰ ਤਬਾਹੀ ਮਚਾ ਰਿਹਾ ਹੈ। ਘੱਗਰ ਵਿੱਚ ਕਈ ਜਗ੍ਹਾ ਪਾੜ ਪਿਆ ਹੋਇਆ ਹੈ। ਜ਼ਿਆਦਾਤਰ ਇਲਾਕਾ ਸੰਗਰੂਰ ਅਤੇ ਮਾਨਸਾ ਦਾ ਹੈ। ਸੰਗਰੂਰ ਵਿੱਚ ਪਹਿਲਾਂ ਮੂਨਕ ਵਿੱਚ ਪਾੜ ਪਿਆ, ਫਿਰ ਖਨੌਰੀ ਬਾਰਡਰ ਦੇ ਕੋਲ ਪਾਣੀ ਦੇ ਵਹਾਅ ਨਾਲ ਨੈਸ਼ਨਲ ਹਾਈਵੇ ਬਲੌਕ ਹੋ ਗਿਆ। ਪੰਜਾਬ-ਹਰਿਆਣਾ ਦਾ ਆਪਸੀ ਸੰਪਰਕ ਟੁੱਟ ਗਿਆ। ਖਨੌਰੀ ਅਤੇ ਬਨਾਰਸੀ ਵਿੱਚ ਪਾੜ ਪੂਰ ਲਏ ਗਏ ਹਨ। 24 ਘੰਟਿਆਂ ਵਿੱਚ 17 ਹੋਰ ਪਿੰਡ ਇਸ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਪਾਣੀ ਬੱਲਰਾਂ, ਕੜਿਆਲ, ਚੂਲੜ ਕਲਾਂ, ਚੋਟੀਆਂ ਟੱਪ ਚੁੱਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਸੁਨਾਮ ਤੱਕ ਆ ਜਾਵੇਗਾ। ਘੱਗਰ ਵਿੱਚ ਪਏ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮਾਨਸਾ ਵਿੱਚ ਚਾਂਦਪੁਰਾ ਬੰਨ੍ਹ ਪੈਂਦਾ ਹੈ। ਪਾਣੀ ਦੇ ਪ੍ਰੈੱਸ਼ਰ ਕਰਕੇ ਇਹ ਬੰਨ੍ਹ ਟੁੱਟ ਗਿਆ। ਚਾਂਦਪੁਰਾ ਬੰਨ੍ਹ ਹਰਿਆਣਾ ਸਰਕਾਰ ਦੇ ਅਧੀਨ ਹੈ। ਚਾਂਦਪੁਰਾ ਪਿੰਡ ਵੀ ਹਰਿਆਣਾ ਦਾ ਹੀ ਪਿੰਡ ਹੈ। ਪਹਿਲਾਂ ਤਾਂ ਇਸ ਬੰਨ੍ਹ ’ਤੇ ਹਰਿਆਣਾ ਪੁਲਿਸ ਤਾਇਨਾਤ ਸੀ। ਪਿੰਡ ਦੇ ਲੋਕਾਂ ਦਾ ਇਲਜ਼ਾਮ ਲਾਇਆ ਹੈ ਕਿ ਹਰਿਆਣਾ ਪੁਲਿਸ ਨੇ ਜਾਣਬੁੱਝ ਕੇ ਬੰਨ੍ਹ ਨੂੰ ਟੁੱਟਣ ਦਿੱਤਾ। ਬੰਨ੍ਹ ਮਜ਼ਬੂਤ ਕਰਨ ਆਉਂਦੇ ਲੋਕਾਂ ਨੂੰ ਜਾਣਬੁੱਝ ਕੇ ਉੱਥੋਂ ਭਜਾਇਆ ਗਿਆ। ਸੋਸ਼ਲ ਮੀਡੀਆ ਉੱਪਰ ਇੱਕ ਚਿੱਠੀ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚਾਂਦਪੁਰਾ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੇ ਚੀਫ਼ ਸੈਕਟਰੀ ਨੂੰ ਚਾਂਦਪੁਰਾ ਬੰਨ੍ਹ ਬਾਰੇ ਜਾਣੂ ਕਰਵਾਇਆ ਸੀ।
ਚਾਂਦਪੁਰਾ ਬੰਨ੍ਹ ’ਤੇ ਪਿਆ ਪਾੜ 150 ਫੁੱਟ ਦੇ ਕਰੀਬ ਪਹੁੰਚ ਗਿਆ ਹੈ। ਅੱਜ ਸਵੇਰ ਤੱਕ ਇਹ ਪਾਣੀ 15 ਹੋਰ ਪਿੰਡਾਂ ਵਿੱਚ ਦਾਖ਼ਲ ਹੋ ਚੁੱਕਿਆ ਸੀ। ਹੁਣ ਇਸ ਪਾਣੀ ਦੀ ਲਪੇਟ ਵਿੱਚ 24 ਪਿੰਡ ਆ ਚੁੱਕੇ ਹਨ। ਪ੍ਰਸ਼ਾਸਨ ਨੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੰਨ੍ਹ ਪੂਰਨ ਲਈ ਫੌਜ, NDRF ਦੀਆਂ ਟੀਮਾਂ ਕੋਸ਼ਿਸਾਂ ਕਰ ਰਹੀਆਂ ਹਨ। ਪਿੰਡ ਗੋਰਖਨਾਥ, ਚੱਕ ਅਲੀਸ਼ੇਰ, ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਗੰਢੂ ਕਲਾਂ, ਗਾਮੀ ਵਾਲਾ, ਤਾਲਾਵਾਲਾ ਅਤੇ ਬਾਹਮਣਵਾਲਾ ਵਿੱਚ ਘੱਗਰ ਆ ਚੁੱਕਿਆ ਹੈ। ਝੁਨੀਰ ਬਲਾਕ ਦੇ 15 ਪਿੰਡਾਂ ਨੂੰ ਵੀ ਇਸ ਪਾਣੀ ਦੇ ਆਉਣ ਦਾ ਖ਼ਤਰਾ ਹੈ।
ਪੰਜਾਬ ’ਚ ਹੋਰ ਛੱਡਿਆ ਗਿਆ ਪਾਣੀ
ਪਹਾੜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਹੜ੍ਹਾਂ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ। ਜਲ ਪੱਧਰ ਵਧਣ ਕਰਕੇ ਕੱਲ੍ਹ ਰਾਤ ਭਾਖੜਾ ਡੈਮ ਤੋਂ ਹੋਰ ਪਾਣੀ ਛੱਡਿਆ ਗਿਆ। ਭਾਖੜਾ ਵਿੱਚੋਂ ਕੁੱਲ 17,992 ਕਿਊਸਿਕ ਪਾਣੀ ਛੱਡਿਆ ਗਿਆ ਜਦਕਿ ਨੰਗਲ ਡੈਮ ਵਿੱਚੋਂ 11,870 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਨਾਲ ਜੁੜੀ ਹੋਈ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 6250 ਕਿਊਸਿਕ ਪਾਣੀ ਛੱਡਿਆ ਗਿਆ। ਉਧੜ ਭਾਖੜਾ ਤੋਂ ਸਤਲੁਜ ਵਿੱਚ 640 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਵਿੱਚ ਹਾਲੇ ਵੀ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਬਹੁਤ ਕਰੀਬ ਹੈ।
ਸੋਮਵਾਰ ਨੂੰ ਭਾਖੜਾ ਪ੍ਰਬੰਧਨ ਬੋਰਡ ਨੇ ਅਗਲੇ 5 ਦਿਨਾਂ ਤੱਕ ਪਾਣੀ ਨਾ ਛੱਡਣ ਦਾ ਫੈਸਲਾ ਲਿਆ ਹੈ।
ਰਣਜੀਤ ਸਾਗਰ ਡੈਮ ਦਾ ਵੀ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਮੀਟਰ ਦੀ ਦੂਰੀ ’ਤੇ ਹੈ। 523.39 ਮੀਟਰ ਤੱਕ ਡੈਮ ਦਾ ਪਾਣੀ ਪਹੁੰਚਿਆ ਹੋਇਆ ਹੈ। ਜੇ ਥੋੜ੍ਹਾ ਜਿਹਾ ਪਾਣੀ ਦਾ ਵਹਾਅ ਹੋਰ ਤੇਜ਼ ਹੋ ਗਿਆ ਤਾਂ ਡੈਮ ਦੇ ਟੁੱਟਣ ਦਾ ਵੀ ਖ਼ਤਰਾ ਬਣਿਆ ਜਾ ਸਕਦਾ ਹੈ।
ਡੈਮਾਂ ਦਾ ਵਧਿਆ ਪਾਣੀ
ਤਿੰਨ ਡੈਮ ਪ੍ਰਮੁੱਖ ਹਨ ਜੋ ਪੰਜਾਬ ਦੀ ਪਾਣੀਆਂ ਦੀ ਸਥਿਤੀ ’ਤੇ ਜ਼ਿਆਦਾ ਅਸਰ ਪਾਉਂਦੇ ਹਨ। ਇਸ ਵਕਤ ਰਣਜੀਤ ਸਾਗਰ ਡੈਮ ਦਾ ਪਾਣੀ ਖ਼ਤਰੇ ਦੇ ਨਇਸ਼ਾਨ ਤੋਂ ਸਿਰਫ਼ 14.44 ਫੁੱਟ ਹੇਠਾਂ ਵਗ ਰਿਹਾ ਹੈ। ਪੌਂਗ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 20 ਫੁੱਟ ਵਗ ਰਿਹਾ ਹੈ ਉਧਰ ਭਾਖੜਾ ਵਿੱਚ ਇਹ ਫ਼ਰਕ ਸਿਰਫ਼ 41 ਫੁੱਟ ਦਾ ਹੈ। ਐਤਵਾਰ ਦੀ ਜਾਣਕਾਰੀ ਮੁਤਾਬਿਕ ਰਣਜੀਤ ਸਾਗਰ ਡੈਮ ਵਿੱਚ ਜਲ ਪੱਧਰ 1716.56 ਫੁੱਟ ਹੈ। ਡੈਮ ਵਿੱਚ ਖ਼ਤਰੇ ਦਾ ਨਿਸ਼ਾਨ 1731 ਫੁੱਟ ’ਤੇ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਪਾਣੀ 1370.22 ਫੁੱਟ ’ਤੇ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਨਿਰਧਾਰਿਤ ਕੀਤਾ ਹੋਇਆ ਹੈ। ਜੇ ਭਾਖੜਾ ਦੀ ਗੱਲ ਕੀਤੀ ਜਾਵੇ ਤਾਂ ਐਤਵਾਰ ਨੂੰ ਭਾਖੜਾ ਡੈਮ ਦਾ ਪਾਣੀ 1639.22 ਫੁੱਟ ਦਰਜ ਕੀਤਾ ਗਿਆ ਜਦਕਿ ਭਾਖੜਾ ਵਿੱਚ ਪਾਣੀ ਦੀ ਸਮਰੱਥਾ 1680 ਫੁੱਟ ਹੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਅਫ਼ਸਰਾਂ ਦਾ ਮੰਨਣਾ ਹੈ ਕਿ ਜੇ ਪਾਣੀ ਨਾ ਛੱਡਿਆ ਜਾਵੇ ਤਾਂ ਇਹ ਪੂਰੇ ਪੰਜਾਬ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਬੀਮਾਰੀਆਂ ਦਾ ਖ਼ਤਰਾ
ਹੜ੍ਹਾਂ ਦਾ ਪਾਣੀ ਘਰਾਂ ਵਿੱਚ ਵੜ ਚੁੱਕਿਆ ਹੈ। ਕਈ ਘਰ ਨੁਕਸਾਨੇ ਜਾ ਚੁੱਕੇ ਹਨ। ਪੰਜਾਬ ਦੇ ਲੋਕ ਹੜ੍ਹਾਂ ਦੇ ਪਾਣੀ ਨਾਲ ਇੱਕ ਤਰ੍ਹਾਂ ਦੀ ਜੰਗ ਲੜ ਰਹੇ ਹਨ। ਰੋਪੜ ਅਤੇ ਜਲੰਧਰ ਦੇ ਇਲਾਕਿਆਂ ਵਿੱਚ ਪਾਣੀ ’ਤੇ ਜ਼ਿਆਦਾਤਰ ਕਾਬੂ ਪਾਇਆ ਜਾ ਚੁੱਕਿਆ ਹੈ। ਪਰ ਹੜ੍ਹਾਂ ਤੋਂ ਬਾਅਦ ਬੀਮਾਰੀਆਂ ਦਾ ਖ਼ਤਰਾ ਵੀ ਅੱਧੇ ਪੰਜਾਬ ਦੇ ਉੱਪਰ ਮੰਡਰਾ ਰਿਹਾ ਹੈ। ਦਰਅਸਲ ਡਾਕਟਰਾਂ ਦਾ ਮੰਨਣਾ ਹੈ ਕਿ ਪਾਣੀ ਵਿੱਚ ਸੰਕਰਮਣ ਤੇਜ਼ੀ ਨਾਲ ਹੁੰਦੇ ਹਨ। ਸਧਾਰਨ ਭਾਸ਼ਾ ਵਿੱਚ ਜੇ ਇੱਕ ਬੰਦਾ ਬੀਮਾਰ ਹੋਵੇ ਤਾਂ ਉਸ ਦੇ ਸੰਪਰਕ ਵਿੱਚ ਆਉਣ ਨਾਲ ਦੂਜਾ ਬੰਦਾ ਵੀ ਬੀਮਾਰ ਹੋ ਜਾਂਦਾ ਹੈ ਅਤੇ ਪਾਣੀ ਨਾਲ ਇਹ ਬੀਮਾਰੀਆਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ। ਹੜ੍ਹ ਤਾਂ ਸਰਕਾਰ ਲਈ ਇੱਕ ਚੁਣੌਤੀ ਬਣੇ ਹੋਏ ਹਨ। ਪਰ ਇਸ ਤੋਂ ਬਾਅਦ ਹੜ੍ਹਾਂ ਨਾਲ ਹੋ ਵਾਲੀਆਂ ਬੀਮਾਰੀਆਂ ਵੀ ਸਰਕਾਰ ਲਈ ਦੂਜੀ ਵੱਡੀ ਚੁਣੌਤੀ ਵਜੋਂ ਖੜ੍ਹੀਆਂ ਹੋਣਗੀਆਂ।
ਸਕੂਲ ਖੁੱਲ੍ਹੇ
ਹੜ੍ਹਾਂ ਦੀ ਸਥਿਤੀ ਵਿੱਚ ਕਾਬੂ ਆਉਂਦੇ ਹੀ ਪੰਜਾਬ ਸਰਕਾਰ ਨੇ ਸੋਮਵਾਰ ਤੋਂ ਕੁਝ ਜ਼ਿਲ੍ਹਿਆਂ ਦੇ ਸਕੂਲ ਖੋਲ੍ਹ ਦਿੱਤੇ ਹਨ। ਹੜ੍ਹਾਂ ਕਰਕੇ ਤਕਰੀਬਨ 14 ਜ਼ਿਲ੍ਹੇ ਪ੍ਰਭਾਵਿਤ ਸਨ। ਇਨ੍ਹਾਂ ਵਿੱਚੋਂ ਕੁਝ ਜ਼ਿਲ੍ਹਿਆਂ ਨੂੰ ਹੀ ਰਾਹਤ ਮਿਲੀ ਹੈ। ਜਿੱਥੇ ਸੰਭਵ ਹੋ ਸਕਿਆ ਸਰਕਾਰ ਨੇ ਉੱਥੇ ਹੀ ਸਕੂਲ ਖੋਲ੍ਹੇ ਹਨ। ਕਈ ਇਲਾਕੇ ਅਜਿਹੇ ਹਨ ਜਿੱਥੇ ਹੜ੍ਹਾਂ ਕਰਕੇ ਬੱਚੇ ਅਤੇ ਅਧਿਆਪਕ ਸਕੂਲ ਨਹੀਂ ਆ ਸਕਦੇ ਉਨ੍ਹਾਂ ਸਕੂਲਾਂ ਨੂੰ ਫਿਲਹਾਲ ਸਰਕਾਰ ਨੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਸਾਰ
ਪੰਜਾਬ ਇਸ ਵੇਲੇ ਇੱਕ ਵੱਡੀ ਚੁਣੌਤੀ ਨਾਲ ਜੂਝ ਰਿਹਾ ਹੈ। ਹੁਣ ਤੱਕ 30 ਦੇ ਕਰੀਬ ਲੋਕ ਇਨ੍ਹਾਂ ਹੜ੍ਹਾਂ ਦੀ ਭੇਂਟ ਚੜ੍ਹ ਚੁੱਕੇ ਹਨ। ਆਰਥਿਕ ਨੁਕਸਾਨ ਤਾਂ ਪੰਜਾਬ ਨੂੰ ਵੱਡੇ ਪੱਧਰ ’ਤੇ ਹੋ ਰਿਹਾ ਹੈ। ਪੰਜਾਬ ਕਾਂਗਰਸ ਵੱਲੋਂ ਰਾਜਪਾਲ ਨੂੰ ਭੇਜੀ ਚਿੱਠੀ ਮੁਤਾਬਿਕ ਪੰਜਾਬ ਨੂੰ ਇਸ ਵੇਲੇ 10 ਹਜ਼ਾਰ ਕਰੋੜ ਦੀ ਮਦਦ ਦੀ ਲੋੜ ਹੈ। ਇਹ ਅੰਕੜਾ ਕਾਫੀ ਵੱਡਾ ਹੈ। ਇੱਕ ਸਰਵੇ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੇ ਘਰ ਪਾਣੀ ਵਿੱਚ ਡੁੱਬੇ ਹਨ, ਉਨ੍ਹਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਈਆਂ ਦੇ ਘਰ ਡਿੱਗ ਚੁੱਕੇ ਹਨ। ਉਮਰ ਭਰ ਦੀ ਕਮਾਈ ਇਨ੍ਹਾਂ ਘਰਾਂ ਉੱਪਰ ਲੱਗੀ ਹੋਈ ਹੈ। ਕਈ ਪਰਿਵਾਰਾਂ ਦੇ ਮੁਖੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਉਹ ਪਰਿਵਾਰ ਇੱਕ ਤਰ੍ਹਾਂ ਦੇ ਬੇਸਹਾਰਾ ਹੋ ਚੁੱਕੇ ਹਨ। ਕੇਂਦਰ ਸਰਕਾਰ ਨੇ ਪਿਛਲੇ ਦਿਨੀਂ 218 ਕਰੋੜ ਰੁਪਏ ਜਾਰੀ ਕੀਤੇ ਸਨ। ਪਰ ਇਹ ਰਾਸ਼ੀ ਇੱਕ ਜ਼ਿਲ੍ਹੇ ’ਤੇ ਵੀ ਪੂਰੀ ਨਹੀਂ ਹੋ ਸਕਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर