ਚੰਡੀਗੜ੍ਹ : ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣੀ ਡਾਕੂਮੈਂਟਰੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਵਿੰਗ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ OTT ਪਲੇਟਫਾਰਮ ZEE5 ‘ਤੇ ਰਿਲੀਜ਼ ਹੋਣ ਵਾਲੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ ਪੰਜਾਬ” (Lawrence of Punjab) ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹ ਡਾਕੂਮੈਂਟਰੀ 27 ਅਪ੍ਰੈਲ 2026 ਨੂੰ ਰਿਲੀਜ਼ ਹੋਣੀ ਤੈਅ ਹੈ। ਇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਸਫ਼ਰ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਰਗੀਆਂ ਗੰਭੀਰ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਸੀਰੀਜ਼ ਵਿੱਚ ਅਪਰਾਧ ਅਤੇ ਅਪਰਾਧੀਆਂ ਦਾ ਮਹਿਮਾ ਗਾਇਨ (Glorification) ਕੀਤਾ ਗਿਆ ਹੈ, ਜੋ ਕਿ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦਾ ਹੈ।
ਕਨੂੰਨੀ ਕਾਰਵਾਈ ਦੀ ਕੀਤੀ ਜਾ ਰਹੀ ਅਪੀਲ
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਈਬਰ ਕਰਾਈਮ), ਵੀ. ਨੀਰਜਾ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A(1) ਤਹਿਤ ਇਸ ‘ਤੇ ਜਨਤਕ ਪਹੁੰਚ ਰੋਕਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਡਾਕੂਮੈਂਟਰੀ ਦੇ ਟ੍ਰੇਲਰ ਅਤੇ ਪ੍ਰਸਾਰਣ ਨਾਲ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਅਤੇ ਜਨਤਕ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਅਦਾਲਤੀ ਹੁਕਮਾਂ ਦਾ ਹਵਾਲਾ
ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿੱਚ ਅਦਾਲਤ ਨੇ ਅਪਰਾਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਅਤੇ ਜੇਲ੍ਹ ਤੋਂ ਦਿੱਤੇ ਗਏ ਇੰਟਰਵਿਊਆਂ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਪੁਲਿਸ ਨੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ZEE5 ਨੂੰ ਇਸ ਡਾਕੂਮੈਂਟਰੀ ਦਾ ਟੈਲੀਕਾਸਟ ਰੋਕਣ ਅਤੇ ਇਸ ਦੇ ਟ੍ਰੇਲਰ ਨੂੰ ਗਲੋਬਲ ਪੱਧਰ ‘ਤੇ ਬਲੌਕ ਕਰਨ ਦੇ ਨਿਰਦੇਸ਼ ਦਿੱਤੇ ਜਾਣ।



