ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਦੇ ਮੱਦੇਨਜ਼ਰ ਦੇਸ਼ ਵਿਚ ਲਗਾਇਆ ਗਿਆ ਲਾਕਡਾਊਨ 3.0 ਆਉਣ ਵਾਲੀ 17 ਮਈ ਨੂੰ ਖਤਮ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਅੱਜ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਪੀਐਮ ਮੋਦੀ ਲਾਕਡਾਊਨ ਸਬੰਧੀ ਕੋਈ ਵੱਡਾ ਐਲਾਨ ਕਰ ਸਕਦੇ ਹਨ।
Shri @narendramodi will be addressing the nation at 8 PM this evening.
— PMO India (@PMOIndia) May 12, 2020
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਨੂੰ ਸੰਬੋਧਨ ਕਰਨ ਦੀ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਟਵੀਟ ਕਰਕੇ ਦਿੱਤੀ ਗਈ ਹੈ। ਕੋਰੋਨਾ ਲਾਕਡਾਊਨ ਵਿਚਾਲੇ ਪੀਐਮ ਮੋਦੀ ਦਾ ਰਾਸ਼ਟਰ ਦੇ ਨਾਮ ਇਹ ਚੋਥਾ ਸੰਬੋਧਨ ਹੋਵੇਗਾ। ਕਿਆਸ ਇਹ ਲਗਾਏ ਜਾ ਰਹੇ ਹਨ ਕਿ ਇਸ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਕੋਰੋਨਾ ਸੰਕਟ ਨੂੰ ਵੇਖਦੇ ਹੋਏ ਲਾਕਡਾਊਨ 4.0 ਦਾ ਐਲਾਨ ਕਰ ਸਕਦੇ ਹਨ ਤੇ ਇਸ ਲਾਕਡਾਊਨ ਵਿਚ ਘੱਟ ਪਾਬੰਦੀਆਂ ਦੇ ਨਾਲ ਜ਼ਿਆਦਾ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀਆਂ ਦੇ ਨਾਲ ਹੋਈ ਪੀਐਮ ਮੋਦੀ ਦੀ ਮੀਟਿੰਗ ਵਿਚ ਵੀ ਦੇਸ਼ ਦੇ ਸੱਤ ਸੂਬੇ ਮਹਾਰਾਸ਼ਟਰ, ਬਿਹਾਰ, ਪੰਜਾਬ, ਤੇਲੰਗਾਨਾ, ਪੱਛਮੀ ਬੰਗਾਲ, ਹਿਮਾਚਲ ਅਤੇ ਅਸਮ ਨੇ ਲਾਕਡਾਊਨ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਜਦਕਿ ਬਿਹਾਰ, ਤੇਲੰਗਾਨਾ ਅਤੇ ਤਾਮਿਲਨਾਡੂ ਨੇ ਟਰੇਨਾਂ ਚਲਾਉਣ ਉੱਤੇ ਸਵਾਲ ਵੀ ਖੜ੍ਹੇ ਕੀਤੇ ਸਨ। ਪੀਐਮ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨੂੰ 15 ਮਈ ਤੱਕ ਇਹ ਦੱਸਣ ਲਈ ਕਿਹਾ ਸੀ ਕਿ ਉਹ ਆਪਣੇ ਸੂਬਿਆ ਵਿਚ ਕਿਹੋ-ਜਿਹਾ ਲਾਕਡਾਊਨ ਚਾਹੁੰਦੇ ਹਨ। ਦੱਸ ਦਈਏ ਕਿ ਦੇਸ਼ ਵਿਚ ਲਾਕਡਾਊਨ ਪਹਿਲਾਂ ਹੀ ਤਿੰਨ ਵਾਰ ਵੱਧ ਚੁੱਕਿਆ ਹੈ। ਪਹਿਲਾ ਲਾਕਡਾਊਨ ਲਗਾਉਣ ਦਾ ਐਲਾਨ 24 ਮਾਰਚ ਨੂੰ ਪੀਐਮ ਮੋਦੀ ਨੇ ਕੀਤਾ ਸੀ ਜੋ ਕਿ 21 ਦਿਨਾਂ ਦਾ ਸੀ। ਇਹ 14 ਅਪ੍ਰੈਲ ਨੂੰ ਖਤਮ ਹੋਣਾ ਸੀ ਜੋ ਕਿ 19 ਦਿਨਾਂ ਵਈ ਹੋਰ ਵਧਾ ਦਿੱਤਾ ਗਿਆ ਅਤੇ ਫਿਰ ਤਿੰਨ ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ 14 ਦਿਨ ਅੱਗੇ ਵਧਾ ਕੇ 17 ਮਈ ਤੱਕ ਕਰ ਦਿੱਤਾ ਸੀ।
