ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੇ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਦੋ ਦਿਵਸੀ ਹੋਵੇਗਾ। 24 ਨੂੰ ਟਰੰਪ ਗੁਜਰਾਤ ਦੇ ਅਹਿਮਦਾਬਾਦ ਜਾਣਗੇ ਜਦਕਿ 25 ਤਰੀਕ ਨੂੰ ਟਰੰਪ ਜੋੜਾ ਤਾਜ ਮਹਿਲ ਨੂੰ ਵੇਖਣ ਜਾਵੇਗਾ ਜਿਸ ਦੇ ਲਈ ਯੂਪੀ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਟਰੰਪ ਦੇ ਤਾਜ ਮਹੱਲ ਜਾਣ ਬਾਰੇ ਜਾਣਕਾਰੀ ਖੁਦ ਪ੍ਰਸ਼ਾਸਨ ਨੇ ਦਿੱਤੀ ਹੈ ਜਿਸ ਦੇ ਲਈ ਉੱਥੇ ਸੁਰੱਖਿਆ ਵਿਵਸਥਾ ਵੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਤਾਜ ਮਹੱਲ ਵੇਖਣ ਆਉਣ ਉੱਤੇ ਟਰੰਪ ਦਾ ਥਾਂ-ਥਾਂ ਉੱਤੇ ਸ਼ਾਨਦਾਰ ਸਵਾਗਤ ਹੋਵੇਗਾ ਅਤੇ ਇਸ ਦੇ ਲਈ ਪ੍ਰਸ਼ਾਸਨ ਤੋਂ ਲੈ ਕੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਥ ਨੇ ਕਮਰ ਕਸ ਲਈ ਹੈ। ਯੋਗੀ ਅਦਿਤਿਆਨਾਥ ਨੇ ਇਸ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ।
ਏਅਰਪੋਰਟ ਤੋਂ ਲੈ ਕੇ ਆਗਰਾ ਤੱਕ ਸੜਕਾਂ ਨੂੰ ਠੀਕ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਆਸ-ਪਾਸ ਦੀਆਂ ਕੰਧਾਂ ਨੂੰ ਚਿੱਤਰਾਂ ਰਾਹੀਂ ਸਜਾਇਆ ਜਾਵੇਗਾ। ਇਸ ਦੇ ਲਈ ਸਥਾਨਕ ਵਿਭਾਗਾ ਨੂੰ ਦਿਸ਼ਾ-ਨਿਰਦੇਸ਼ ਵੀ ਦੇ ਦਿੱਤੇ ਗਏ ਹਨ। ਜਿਸ ਰੂਟ ਰਾਹੀਂ ਰਾਸ਼ਟਰਪਤੀ ਆਗਰਾ ਆਉਣਗੇ ਉਸ ਰੂਟ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਜਾਵੇਗਾ ਅਤੇ ਬਿਨਾਂ ਇਜਾਜਤ ਕਿਸੇ ਨੂੰ ਉੱਥੋਂ ਲੱਗਣ ਦੀ ਇਜ਼ਾਜਤ ਨਹੀਂ ਹੋਵੇਗੀ। ਜਿਸ ਹੋਟਲ ਵਿਚ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਘਰਵਾਲੀ ਠਹਿਰਣਗੇ ਉਸ ਦੇ ਨੇੜੇ –ਤੇੜੇ ਪਰਿੰਦਾ ਵੀ ਫਰ ਨਹੀਂ ਮਾਰ ਪਾਵੇਗਾ।
ਭਾਰਤੀ ਸੁਰੱਖਿਆ ਬਲਾਂ ਤੋਂ ਇਲਾਵਾ ਅਮਰੀਕੀ ਸੁਰੱਖਿਆ ਦਸਤਾ ਘੇਰਾ ਟਰੰਪ ਦੀ ਸੁਰੱਖਿਆ ਵਿਚ ਤਾਇਨਾਤ ਹੋਵੇਗਾ ਜਿਸ ਦੇ ਲਈ ਅਮਰੀਕੀ ਸੁਰੱਖਿਆ ਅਧਿਕਾਰੀ ਆਗਰਾ ਦਾ ਦੌਰਾ ਵੀ ਕਰਨਗੇ। ਯੂਪੀ ਪੁਲਿਸ ਨੂੰ ਇਸ ਦੌਰੇ ਲਈ ਅਲਰਟ ਰਹਿਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਆਗਰਾ ਦੇ ਐਸਐਸਪੀ ਨੇ ਵੀ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ਹੈ।ਯੂਪੀ ਸਰਕਾਰ ਟਰੰਪ ਦੇ ਸਵਾਗਤ ਵਿਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਹੈ ਜਿਸ ਕਰਕੇ ਹਰ ਪੱਖੋਂ ਇਸ ਦੌਰੇ ਨੂੰ ਸ਼ਾਨਦਾਰ ਬਨਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ।



