ਮੋਹਾਲੀ : ਨਿਮੋਨੀਆ (Pneumonia) ਫੇਫੜਿਆਂ ਦੇ ਅੰਦਰੂਨੀ ਹਿੱਸੇ ਵਿੱਚ ਹੋਣ ਵਾਲੀ ਇੱਕ ਸੋਜ ਹੈ। ਸਾਡੇ ਫੇਫੜਿਆਂ ਵਿੱਚ ਛੋਟੀਆਂ-ਛੋਟੀਆਂ ਹਵਾ ਦੀਆਂ ਥੈਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ‘ਐਲਵੀਓਲੀ’ (Alveoli) ਕਿਹਾ ਜਾਂਦਾ ਹੈ। ਨਿਮੋਨੀਆ ਹੋਣ ‘ਤੇ ਇਨ੍ਹਾਂ ਥੈਲੀਆਂ ਵਿੱਚ ਪਸ (Pus) ਜਾਂ ਤਰਲ ਪਦਾਰਥ ਭਰ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਪਾਉਂਦੀ।
ਇਹ ਕਿਉਂ ਹੁੰਦਾ ਹੈ ਅਤੇ ਇਸਦੇ ਮੁੱਖ ਕਾਰਨ (Causes of Pneumonia)
ਨਿਮੋਨੀਆ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜੋ ਕਿ ਮੁੱਖ ਤੌਰ ‘ਤੇ ਵਾਤਾਵਰਣ ਵਿੱਚ ਮੌਜੂਦ ਕੀਟਾਣੂਆਂ ਨਾਲ ਜੁੜੇ ਹੁੰਦੇ ਹਨ। ਬੈਕਟੀਰੀਆ (Bacteria) ਨਿਮੋਨੀਆ ਦਾ ਸਭ ਤੋਂ ਆਮ ਕਾਰਨ ਹੈ। ਦੂਜੇ ਨੰਬਰ ਉੱਤੇ ਆਉਂਦਾ ਹੈ, ਵਾਇਰਸ (Viruses) ਜ਼ੁਕਾਮ ਅਤੇ ਫਲੂ ਫੈਲਾਉਣ ਵਾਲੇ ਵਾਇਰਸ ਵੀ ਨਿਮੋਨੀਆ ਦਾ ਕਾਰਨ ਬਣ ਸਕਦੇ ਹਨ।
ਅੱਜ-ਕੱਲ੍ਹ ਕੋਵਿਡ-19 (COVID-19) ਵੀ ਗੰਭੀਰ ਨਿਮੋਨੀਆ ਦਾ ਇੱਕ ਵੱਡਾ ਕਾਰਨ ਰਿਹਾ ਹੈ। ਫੰਗਸ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ (Immunity) ਬਹੁਤ ਕਮਜ਼ੋਰ ਹੁੰਦੀ ਹੈ। ਜਦ ਗਲਤੀ ਨਾਲ ਖਾਣਾ, ਪੀਣਾ ਜਾਂ ਉਲਟੀ ਫੇਫੜਿਆਂ ਵਿੱਚ ਚਲੀ ਜਾਂਦੀ ਹੈ। ਇਸ ਇਨਫੈਕਸ਼ਨ ਨੂੰ ਐਸਪੀਰੇਸ਼ਨ (Aspiration) ਕਿਹਾ ਜਾਂਦਾ ਹੈ।
ਨਿਮੋਨੀਆ ਦੇ ਮੁੱਖ ਲੱਛਣ (Symptoms of Pneumonia)
ਨਿਮੋਨੀਆ ਦੇ ਲੱਛਣ ਹਲਕੇ ਤੋਂ ਲੈ ਕੇ ਬਹੁਤ ਗੰਭੀਰ ਹੋ ਸਕਦੇ ਹਨ। ਇਹ ਵਿਅਕਤੀ ਦੀ ਉਮਰ ਅਤੇ ਸਿਹਤ ‘ਤੇ ਨਿਰਭਰ ਕਰਦੇ ਹਨ:
- ਖੰਘ: ਬਲਗਮ ਵਾਲੀ ਖੰਘ ਹੋਣਾ, ਜਿਸ ਦਾ ਰੰਗ ਹਰਾ, ਪੀਲਾ ਜਾਂ ਖੂਨ ਵਾਲਾ ਹੋ ਸਕਦਾ ਹੈ।
- ਬੁਖਾਰ ਅਤੇ ਕੰਬਣੀ: ਤੇਜ਼ ਬੁਖਾਰ ਹੋਣਾ ਅਤੇ ਸਰੀਰ ਦਾ ਬਹੁਤ ਜ਼ਿਆਦਾ ਕੰਬਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ।
- ਸਾਹ ਲੈਣ ਵਿੱਚ ਮੁਸ਼ਕਲ: ਨਿਮੋਨੀਆ ਦੇ ਲੱਛਣਾਂ ‘ਚ ਤੇਜ਼ ਸਾਹ ਚੜ੍ਹਦਾ ਹੈ ਤੇ ਤੇਜ਼-ਤੇਜ਼ ਸਾਹ ਆਉਂਦਾ ਹੈ।
- ਛਾਤੀ ਵਿੱਚ ਦਰਦ: ਖੰਘਣ ਜਾਂ ਲੰਮਾ ਸਾਹ ਲੈਣ ਵੇਲੇ ਛਾਤੀ ਵਿੱਚ ਤਿੱਖਾ ਦਰਦ ਮਹਿਸੂਸ ਹੁੰਦਾ ਹੈ।
- ਥਕਾਵਟ: ਹਰ ਵੇਲੇ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
- ਉਲਟੀ ਜਾਂ ਮਤਲੀ: ਖਾਸ ਕਰਕੇ ਛੋਟੇ ਬੱਚਿਆਂ ਵਿੱਚ ਉਲਟੀ ਆਉਣ ਵਰਗੇ ਲੱਛਣ ਦੇਖੇ ਜਾਂਦੇ ਹਨ।
ਬਚਾਅ ਅਤੇ ਸਾਵਧਾਨੀਆਂ
ਨਿਮੋਨੀਆ ਤੋਂ ਬਚਣ ਲਈ ਸਾਫ਼-ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਮੇਂ ਸਿਰ ਟੀਕਾਕਰਨ (Vaccination) ਕਰਵਾਉਣਾ, ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿਣਾ ਇਸ ਬਿਮਾਰੀ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ। ਜੇਕਰ ਤੁਹਾਨੂੰ ਉੱਪਰ ਦਿੱਤੇ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



