ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਨਾਲ ਰਫ਼ਤਾਰ ਫੜੀ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਦੇਸ਼ ਵਿਚ 21 ਦਿਨਾਂ ਲਈ ਲਾਕਡਾਊਨ ਕੀਤਾ ਹੋਇਆ ਹੈ ਅਤੇ ਇਸੇ ਵਿਚਾਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਨਗੇ।
ਇਸ ਤੋਂ ਪਹਿਲਾਂ ਵੀ 3 ਅਪ੍ਰੈਲ ਨੂੰ ਪੀਐਮ ਮੋਦੀ ਨੇ ਸਾਰੇ ਸੂਬਿਆਂ ਦੇ ਮੁੱਖਮੰਤਰੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਅੱਜ ਉਹ ਫਿਰ ਸਾਰੀਆਂ ਸਟੇਟਾਂ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੀਐਮ ਮੋਦੀ ਮੁੱਖ ਮੰਤਰੀਆਂ ਤੋਂ 14 ਅਪ੍ਰੈਲ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ ਅੱਗੇ ਵਧਾਉਣ ਬਾਰੇ ਉਨ੍ਹਾਂ ਦੀ ਰਾਏ ਜਾਣ ਸਕਦੇ ਹਨ ਅਤੇ ਲਾਕਡਾਊਨ ਵਿਚ ਵਾਧਾ ਕਰਨ ਬਾਰੇ ਫ਼ੈਸਲਾ ਅੱਜ ਇਸ ਮੀਟਿੰਗ ਵਿਚ ਹੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕਰਨਗੇ। ਦੱਸ ਦਈਏ ਕਿ ਦੇਸ਼ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 7447 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 239 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿਚ ਲਾਕਡਾਊਨ ਵਧਾਉਣ ਨੂੰ ਲੈ ਕੇ ਛਿੜੀਆਂ ਚਰਚਾ ਵਿਚਾਲੇ ਉੜੀਸਾ ਸਰਕਾਰ ਨੇ ਪਹਿਲਾਂ ਹੀ ਆਪਣੇ ਸੂਬੇ ਵਿਚ 30 ਅਪ੍ਰੈਲ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਨਾਲ ਹੀ ਬੀਤੇ ਦਿਨ ਪੰਜਾਬ ਸਰਕਾਰ ਨੇ ਵੀ ਕਰਫਿਊ ਦੀ ਮਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ।

