ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਦੀ ਰਾਤ ਨੂੰ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਕਈ ਜਵਾਨਾਂ ਨੂੰ ਗੰਭੀਰ ਸੱਟਾਂ ਵੀ ਆਈਆਂ ਸਨ। ਹਾਲਾਂਕਿ ਇਸ ਵੇਲੇ ਸਾਰੇ ਜਵਾਨ ਖਤਰੇ ਤੋਂ ਬਾਹਰ ਹਨ ਅਤੇ ਇਨ੍ਹਾਂ ਦਾ ਇਲਾਜ ਲੇਹ ਦੇ ਮਿਲਟਰੀ ਹਸਪਤਾਲ ਵਿਚ ਚੱਲ ਰਿਹਾ ਹੈ। ਉੱਥੇ ਹੀ ਜਵਾਨਾਂ ਨੂੰ ਮਿਲਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਹਸਪਤਾਲ ਵਿਚ ਪਹੁੰਚੇ ਹਨ ਅਤੇ ਜ਼ਖ਼ਮੀ ਜਵਾਨਾਂ ਦਾ ਹਾਲਚਾਲ ਜਾਣਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਇਲਾਜ ਕਰਵਾ ਰਹੇ ਹਰ ਜਵਾਨ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਪੀਐਮ ਮੋਦੀ ਨੇ ਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਜੋ ਵੀਰ ਜਵਾਨ ਸ਼ਹੀਦ ਹੋਏ ਉਹ ਸਾਨੂੰ ਬਿਨਾਂ ਕਿਸੇ ਕਾਰਨ ਛੱਡ ਕੇ ਨਹੀਂ ਗਏ। ਤੁਸੀ ਸੱਭ ਨੇ (ਚੀਨੀ ਸੈਨਿਕਾਂ ਨੂੰ) ਉਚਿਤ ਜਵਾਬ ਦਿੱਤਾ ਹੈ। ਦੇਸ਼ ਦੀ ਸਰਹੱਦ ਦੀ ਰੱਖਿਆ ਲਈ ਤੁਸੀ ਆਪਣੀ ਬਹਾਦਰੀ ਅਤੇ ਜੋ ਖੂਨ ਬਹਾਇਆ ਹੈ, ਉਹ ਸਾਡੇ ਨੌਜਵਾਨਾਂ ਅਤੇ ਦੇਸ਼ਵਾਸੀਆਂ ਨੂੰ ਕਈ ਪੀੜੀਆਂ ਤੱਕ ਪ੍ਰੇਰਿਤ ਕਰਦਾ ਰਹੇਗਾ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਸਾਡਾ ਦੇਸ਼ ਕਿਸੇ ਵੀ ਸਥਿਤੀ ਵਿਚ ਨਾ ਕਦੇ ਵੀ ਝੁਕਿਆ ਨਹੀਂ ਹੈ ਅਤੇ ਅਸੀ ਦੁਨੀਆ ਦੀ ਕਿਸੇ ਵੀ ਸ਼ਕਤੀ ਅੱਗੇ ਝੁੱਕਣ ਵਾਲੇ ਨਹੀਂ ਹਨ। ਮੈ ਤੁਹਾਡੇ ਨਾਲ-ਨਾਲ ਉਨ੍ਹਾਂ ਮਾਤਾਵਾਂ ਨੂੰ ਵੀ ਸਨਮਾਨ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਤੁਹਾਡੇ ਵਰਗੇ ਬਹਾਦਰਾਂ ਨੂੰ ਜਨਮ ਦਿੱਤਾ ਹੈ”। ਪੀਐਮ ਮੋਦੀ ਅਨੁਸਾਰ ”ਤੁਹਾਡੇ ਬਹਾਦਰਾਂ ਦੁਆਰਾ ਵਿਖਾਈ ਗਈ ਵੀਰਤਾ ਬਾਰੇ ਦੁਨੀਆ ਲਈ ਇਕ ਸੰਦੇਸ਼ ਗਿਆ ਹੈ। ਦੁਨੀਆ ਤੁਹਾਡੀ ਚਰਚਾ ਕਰ ਰਹੀ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈ ਉਮੀਦ ਕਰਦਾ ਹਾਂ ਕਿ ਤੁਸੀ ਸੱਭ ਜਲਦੀ ਤੋਂ ਜਲਦੀ ਸਿਹਤਮੰਦ ਹੋ ਜਾਓ। ਦੱਸ ਦਈਏ ਕਿ ਅੱਜ ਸ਼ੁੱਕਰਵਾਰ ਨੂੰ ਪੀਐਮ ਮੋਦੀ ਅਚਾਨਕ ਲੇਹ ਪਹੁੰਚੇ ਹਨ ਅਤੇ ਇੱਥੇ ਉਨ੍ਹਾਂ ਨੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਹੈ।

