ਤਰਨਤਾਰਨ : ਪਟਿਆਲਾ ਨੇੜਲੇ ਪਿੰਡ ਬਠਣੋਇਆ ਵਿਖੇ ਰੇਲਵੇ ਟਰੈਕ ‘ਤੇ ਹੋਏ ਭਿਆਨਕ ਬੰਬ ਧਮਾਕੇ ਨੇ ਪੂਰੇ ਸੂਬੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਵਸਨੀਕ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸਾਡੀ ਟੀਮ ਵੱਲੋਂ ਪਿੰਡ ਪੰਜਵੜ ਵਿਖੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਕਈ ਅਹਿਮ ਪਹਿਲੂ ਸਾਹਮਣੇ ਆਏ ਹਨ।
ਨਿਹੰਗ ਦਲਾਂ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਸੀ ਸੰਬੰਧ
ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਜਗਰੂਪ ਸਿੰਘ ਨਿਹੰਗ ਬਾਣੇ ਵਿੱਚ ਰਹਿੰਦਾ ਸੀ ਅਤੇ ਨਿਹੰਗ ਜਥੇਬੰਦੀਆਂ ਨਾਲ ਉਸ ਦਾ ਗੂੜ੍ਹਾ ਸਬੰਧ ਸੀ। ਪਰਿਵਾਰਕ ਸੂਤਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਵੀ ਜੁੜਿਆ ਹੋਇਆ ਸੀ। ਹਾਲਾਂਕਿ ਉਹ ਅਕਸਰ ਘਰੋਂ ਬਾਹਰ ਹੀ ਰਹਿੰਦਾ ਸੀ, ਜਿਸ ਕਾਰਨ ਪਰਿਵਾਰ ਨੂੰ ਉਸ ਦੀਆਂ ਨਿੱਜੀ ਸਰਗਰਮੀਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ।
ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਪਰਿਵਾਰ
ਜਗਰੂਪ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਖ਼ਰਾਬ ਦੱਸੀ ਜਾ ਰਹੀ ਹੈ। ਉਸਦੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਬੇਟੀਆਂ ਹਨ। ਪਰਿਵਾਰ ਵਿੱਚ ਉਸਦਾ ਇੱਕ ਭਰਾ ਵੀ ਹੈ, ਜੋ ਕਿ ਇੱਕ ਚੱਕੀ ਚਲਾ ਕੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਿਹਾ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਅਤੇ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਅਚਾਨਕ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸਾਹਮਣੇ ਆਉਣ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ।
ਪੁਲਿਸ ਜਾਂਚ ਵਿੱਚ ਜੁਟੀ
ਇਸ ਘਟਨਾ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਹੁਣ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਜਗਰੂਪ ਸਿੰਘ ਪਟਿਆਲਾ ਦੇ ਰੇਲਵੇ ਟਰੈਕ ‘ਤੇ ਕੀ ਕਰ ਰਿਹਾ ਸੀ ਅਤੇ ਧਮਾਕੇ ਪਿੱਛੇ ਅਸਲ ਸਾਜ਼ਿਸ਼ ਕੀ ਸੀ। ਜਾਂਚ ਟੀਮਾਂ ਉਸ ਦੇ ਸੰਪਰਕਾਂ ਅਤੇ ਹਾਲੀਆ ਗਤੀਵਿਧੀਆਂ ਨੂੰ ਖੰਗਾਲ ਰਹੀਆਂ ਹਨ।



