ਬਟਾਲਾ : ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪੱਖੋਕੇ ਮਹਿਮਾਰਾ ਵਿਖੇ ਪਾਕਿਸਤਾਨ ਵੱਲੋਂ ਭੇਜੇ ਗਏ ਇੱਕ ਡਰੋਨ ਦੇ ਬਰਾਮਦ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੀ ਚੌਕਸੀ ਕਾਰਨ ਇਸ ਘਟਨਾ ਦਾ ਤੁਰੰਤ ਪਤਾ ਲੱਗਿਆ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਐਂਟੀ ਡਰੋਨ ਡਿਵਾਈਸ ਦੀ ਮਦਦ ਨਾਲ ਮਿਲੀ ਲੋਕੇਸ਼ਨ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀਜੀਪੀ ਸਾਹਿਬ, ਆਈਜੀ ਸਾਹਿਬ ਅਤੇ ਐਸਐਸਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਹੱਦੀ ਖੇਤਰਾਂ ਵਿੱਚ ‘ਐਂਟੀ ਡਰੋਨ ਟੀਮਾਂ’ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਦਿਨ-ਰਾਤ ਸਰਹੱਦ ‘ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਰਾਤ ਦੇ ਸਮੇਂ ਐਂਟੀ ਡਰੋਨ ਟੀਮ ਨੂੰ ਮਿਲੀ ਅਤਿ-ਆਧੁਨਿਕ ਐਂਟੀ ਡਰੋਨ ਡਿਵਾਈਸ ਰਾਹੀਂ ਇਸ ਪਾਕਿਸਤਾਨੀ ਡਰੋਨ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ ਸੀ। ਉਸੇ ਲੋਕੇਸ਼ਨ ਦੇ ਆਧਾਰ ‘ਤੇ ਜਦੋਂ ਪੁਲਿਸ ਟੀਮ ਪਿੰਡ ਪੱਖੋਕੇ ਮਹਿਮਾਰਾ ਵਿਖੇ ਪਹੁੰਚੀ ਤਾਂ ਉੱਥੋਂ ਇਹ ਡਰੋਨ ਬਰਾਮਦ ਕਰ ਲਿਆ ਗਿਆ।
ਫਿਲਹਾਲ ਕੋਈ ਸ਼ੱਕੀ ਪਦਾਰਥ ਬਰਾਮਦ ਨਹੀਂ
ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਪਿੰਡ ਪੱਖੋਕੇ ਮਹਿਮਾਰਾ ਤੋਂ ਬਰਾਮਦ ਹੋਏ ਇਸ ਡਰੋਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਹੋਰ ਸ਼ੱਕੀ ਪਦਾਰਥ ਬਰਾਮਦ ਨਹੀਂ ਹੋਇਆ ਹੈ। ਇਲਾਕੇ ਵਿੱਚ ਸੁਰੱਖਿਆ ਨੂੰ ਮਜ਼ਬੂਤ ਰੱਖਣ ਲਈ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਥਾਣਾ ਮੁਖੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਪੂਰੀ ਹੋਣ ਤੋਂ ਬਾਅਦ ਜੋ ਵੀ ਨਵੀਆਂ ਜਾਣਕਾਰੀ ਸਾਹਮਣੇ ਆਉਣਗੀਆਂ, ਉਸ ਬਾਰੇ ਮੀਡੀਆ ਨੂੰ ਜਲਦ ਜਾਣੂ ਕਰਵਾ ਦਿੱਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



