ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 10 ਜੂਨ ਬੁੱਧਵਾਰ ਨੂੰ ਪੰਜਾਬ ਵਿਚ ਸਰਕਾਰੀ ਹਦਾਇਤਾਂ ਮੁਤਾਬਕ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਪਰ ਕੋਰੋਨਾ ਸੰਕਟ ਕਾਰਨ ਕਿਸਾਨਾਂ ਨੂੰ ਝੋਨੇ ਦੇ ਇਸ ਸੀਜ਼ਨ ਵਿਚ ਲੇਬਰ ਨਾ ਮਿਲਣ ਕਰਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸੀਐਮ ਕੈਪਟਨ ਨੇ ਕਿਸਾਨਾਂ ਨੂੰ ਰਾਹਤ ਦਿੰਦਿਆ 8 ਘੰਟੇ ਬਿਜਲੀ ਸਪਲਾਈ ਕਰਨ ਦਾ ਵਾਅਦਾ ਕੀਤਾ ਹੈ।
ਦਰਅਸਲ ਲੇਬਰ ਦੀ ਕਮੀ ਹੋਣ ਕਰਕੇ ਪੰਜਾਬ ਵਿਚ ਕਈ ਥਾਵਾਂ ਉੱਤੇ ਝੋਨੇ ਦੀ ਲੁਆਈ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਕਿਸਾਨਾਂ ਨੇ 10 ਜੂਨ ਤੋਂ ਪਹਿਲਾਂ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਦੇ ਮੁਤਾਬਕ ਜ਼ਿਆਦਾਤਰ ਜਿਲ੍ਹਿਆਂ ਵਿਚ ਕਿਸਾਨਾਂ ਨੇ ਅੱਜ ਤੋਂ ਝੋਨਾ ਲਗਾਉਣ ਸ਼ੁਰੂ ਕੀਤਾ ਹੈ। ਕੋਰੋਨਾ ਸੰਕਟ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਘਰ ਵਾਪਸ ਪਰਤ ਜਾਣ ਕਰਕੇ ਕਿਸਾਨਾਂ ਲਈ ਇਸ ਸੀਜ਼ਨ ਵਿਚ ਲੇਬਰ ਦੀ ਕਮੀ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਲੇਬਰ ਨਾ ਮਿਲਣ ਕਰਕੇ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਲੇਬਰ ਦੇ ਚੱਲੇ ਜਾਣ ਤੋਂ ਬਾਅਦ ਲੋਕਲ ਲੇਬਰ ਝੋਨੇ ਦੀ ਲੁਆਈ ਲਈ ਜ਼ਿਆਦਾ ਪੈਸੇ ਮੰਗਦੀ ਹੈ ਅਤੇ ਝੋਨਾ ਲਗਾਉਣ ਵਿਚ ਸਮਾਂ ਵੀ ਵੱਧ ਲੈਂਦੀ ਹੈ। ਹਾਲਾਂਕਿ ਇਸ ਦੌਰਾਨ ਸੂਬੇ ਵਿਚ ਕਈ ਥਾਵਾਂ ਉੱਤੇ ਝੋਨੇ ਦੀ ਸਿੱਧੀ ਬਿਜਾਈ ਨੇ ਕਿਸਾਨਾਂ ਨੂੰ ਥੋੜੀ ਰਾਹਤ ਜ਼ਰੂਰ ਦਿੱਤੀ ਹੈ। ਉੱਧਰ ਝੋਨੇ ਦੀ ਲੁਆਈ ਨੂੰ ਵੇਖਦਿਆਂ ਨਹਿਰੀ ਵਿਭਾਗ ਨੇ ਨਹਿਰਾਂ ਵਿਚ ਪਾਣੀ ਵੀ ਛੱਡ ਦਿੱਤਾ ਹੈ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਸੂਬੇ ਕਿਸਾਨਾਂ ਨਾਲ ਉਨ੍ਹਾਂ ਨੂੰ ਟਿਊਬਵੈੱਲਾਂ ਉੱਤੇ 8 ਘੰਟੇ ਬਿਜਲੀ ਸਪਲਾਈ ਕਰਨ ਦਾ ਵਾਅਦਾ ਵੀ ਕੀਤਾ ਹੈ। ਸੀਐਮ ਕੈਪਟਨ ਨੇ ਕਿਸਾਨਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਸਾਰੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
