ਲੁਧਿਆਣਾ : ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ, ਜੋ ਸ਼ਾਮ 6 ਵਜੇ ਸਮਾਪਤ ਹੋਵੇਗਾ। ਹੁਣ ਚੋਣ ਕਮਿਸ਼ਨ ਤੇ ਪੁਲਿਸ ਹਰ ਉਮੀਦਵਾਰ ਅਤੇ ਪੂਰੇ ਸ਼ਹਿਰ ‘ਤੇ ਤਿੱਖੀ ਨਜ਼ਰ ਰੱਖੇਗੀ। ਜ਼ਿਲ੍ਹਾ ਲੁਧਿਆਣਾ ਵਿੱਚ ਸ਼ਾਮ 6 ਵਜੇ ਤੋਂ ਬਾਅਦ ਵੱਖ-ਵੱਖ ਟੀਮਾਂ ਗਸ਼ਤ ਕਰਨਗੀਆਂ। ਉਧਰ, ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਸਾਕਸ਼ੀ ਸਾਹਨੀ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਾਹਰੀ ਜ਼ਿਲ੍ਹਿਆਂ, ਸ਼ਹਿਰਾਂ ਤੇ ਸੂਬਿਆਂ ਤੋਂ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਰਹੇ ਉਨ੍ਹਾਂ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਦੇ ਹੁਕਮ ਦਿੱਤੇ ਹਨ।
ਡੀਸੀ ਨੇ ਕਿਹਾ ਕਿ ਅੱਜ ਸ਼ਾਮ 6 ਵਜੇ ਤੋਂ ਬਾਅਦ ਉਹ ਲੁਧਿਆਣਾ ਵਿਚ ਨਹੀਂ ਰਹਿਣਗੇ। ਜੇ ਕੋਈ ਵੀ ਵਿਅਕਤੀ ਕਿਸੇ ਦੇ ਘਰ, ਹੋਟਲ, ਕਿਰਾਏ ਦੇ ਮਕਾਨ, ਗੈਸਟ ਹਾਊਸ, ਪੀਜੀ ਆਦਿ ਵਿਚ ਰਹਿ ਰਿਹਾ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਛੱਡ ਦੇਵੇ, ਨਹੀਂ ਤਾਂ ਸ਼ਿਕਾਇਤ ਮਿਲਣ ਉਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਡੀਸੀ ਸਾਹਨੀ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਅੱਜ ਸ਼ਾਮ ਛੇ ਵਜੇ ਤੋਂ ਬਾਅਦ ਲੁਧਿਆਣਾ ਦੇ ਅੰਦਰ ਬਾਹਰ ਕਿਤੇ ਵੀ ਬਾਹਰੀ ਲੋਕਾਂ ਦਾ ਨਿਵਾਸ ਨਾ ਹੋਵੇ। ਮੈਰਿਜ ਪੈਲੇਸ, ਸ਼ਾਦੀ ਹਾਲ, ਗੈਸਟ ਹਾਊਸ, ਭਾਈਚਾਰਕ ਹਾਲ ਦੀ ਸ਼ਖਤ ਨਿਗਰਾਨੀ ਰੱਖੋ।
ਪੋਲਿੰਗ ਬੂਥਾਂ ਉਤੇ ਲੁੜੀਂਦੇ ਪ੍ਰਬੰਧ ਕਰਨ ਦੇ ਹੁਕਮ
ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੋਲਿੰਗ ਬੂਥਾਂ ਉਤੇ ਮਤਦਾਨ ਲਈ ਆਉਣ ਵਾਲੇ ਵੋਟਰਾਂ ਲਈ ਹਵਾ ਤੇ ਪਾਣੀ ਦੇ ਲੁੜੀਂਦੇ ਇੰਤਜ਼ਾਮ ਕੀਤੇ ਜਾਣ। ਉਥੇ ਪੋਲਿੰਗ ਬੂਥਾਂ ਉਤੇ ਸਟਾਫ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣ।ਸਾਰੇ ਪੋਲਿੰਗ ਬੂਥਾਂ ਦੀ 31 ਮਈ ਤਕ ਸਾਫ ਸਫਾਈ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ।
