ਚੰਡੀਗੜ੍ਹ : ਸਿਟੀ ਬਿਊਟੀਫੁਲ ਦੇ ਸੈਕਟਰ-26 ਸਥਿਤ ਬਾਪੂਧਾਮ ਪੁਲ ‘ਤੇ ਸ਼ਨੀਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਤੇਜ਼ ਰਫ਼ਤਾਰ ਵੋਲਕਸਵੈਗਨ ਕਾਰ ਸੰਤੁਲਨ ਵਿਗੜਨ ਕਾਰਨ ਪੁਲ ਦੀ ਰੇਲਿੰਗ ਤੋੜ ਕੇ ਸਿੱਧੀ ਹੇਠਾਂ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨ ਅਤੇ ਇੱਕ ਮੁਟਿਆਰ ਜ਼ਖਮੀ ਹੋ ਗਏ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸ਼ਰਾਬ ਦੇ ਨਸ਼ੇ ਵਿੱਚ ਸੀ ਚਾਲਕ!
ਮੁੱਢਲੀ ਜਾਣਕਾਰੀ ਅਨੁਸਾਰ ਕਾਰ ਚਲਾ ਰਹੇ ਨੌਜਵਾਨ ਦੀ ਪਛਾਣ ਨਿਤੇਸ਼ ਵਜੋਂ ਹੋਈ ਹੈ, ਜੋ ਬਲਟਾਣਾ ਦੇ ਹਰਮਿਲਾਪ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਕਾਰ ਚਾਲਕ ਅਤੇ ਉਸ ਦੇ ਸਾਥੀ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਸਨ। ਨਸ਼ੇ ਦੀ ਹਾਲਤ ਅਤੇ ਤੇਜ਼ ਰਫ਼ਤਾਰ ਕਾਰਨ ਚਾਲਕ ਕਾਰ ਤੋਂ ਕੰਟਰੋਲ ਖੋਹ ਬੈਠਾ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਇਹ ਘਟਨਾ ਸਵੇਰੇ ਕਰੀਬ 3:30 ਵਜੇ ਦੀ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਕਾਰ ਵਿੱਚੋਂ ਕੱਢ ਕੇ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਮੁਟਿਆਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਚਾਲਕ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਪੁਸ਼ਟੀ ਹੋ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Terrible plane crash in Bolivia : ਬੈਂਕ ਦੇ ਨੋਟਾਂ ਨਾਲ ਭਰਿਆ ਜਹਾਜ਼ ਹਾਈਵੇਅ ‘ਤੇ ਡਿੱਗਿਆ, 15 ਮੌਤਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



