ਲਾਪਾਜ਼ : ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਦੇ ਨਜ਼ਦੀਕ ਸ਼ੁੱਕਰਵਾਰ ਨੂੰ ਇੱਕ ਬੇਹੱਦ ਦਰਦਨਾਕ ਜਹਾਜ਼ ਹਾਦਸਾ ਵਾਪਰਿਆ। ਬੋਲੀਵੀਆ ਦੀ ਹਵਾਈ ਸੈਨਾ ਦਾ ਇੱਕ ‘ਹਰਕਿਊਲਿਸ’ ਮਾਲਵਾਹਕ (ਕਾਰਗੋ) ਜਹਾਜ਼ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਕੰਟਰੋਲ ਤੋਂ ਬਾਹਰ ਹੋ ਕੇ ਹਾਦਸਾਗ੍ਰਸਤ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਖੀ ਪਾਵੇਲ ਟੋਵਰ ਅਨੁਸਾਰ, ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ 15 ਲੋਕਾਂ ਦੀ ਜਾਨ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਰਨਵੇਅ ਤੋਂ ਫਿਸਲ ਕੇ ਹਾਈਵੇਅ ‘ਤੇ ਮਚਾਈ ਤਬਾਹੀ
ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਰਨਵੇਅ ਤੋਂ ਫਿਸਲਦਾ ਹੋਇਆ ਨਾਲ ਲੱਗਦੇ ਸ਼ਹਿਰ ‘ਐਲ ਆਲਟੋ’ ਦੇ ਇੱਕ ਵਿਅਸਤ ਹਾਈਵੇਅ ‘ਤੇ ਜਾ ਵੜਿਆ। ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਜਹਾਜ਼ ਨੇ ਰਸਤੇ ਵਿੱਚ ਆਈਆਂ ਕਈ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟੱਕਰ ਵਿੱਚ ਲਗਭਗ 15 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਾਰੇ ਗਏ ਲੋਕ ਜਹਾਜ਼ ਵਿੱਚ ਸਵਾਰ ਸਨ ਜਾਂ ਉਹ ਸੜਕ ‘ਤੇ ਜਾ ਰਹੇ ਵਾਹਨਾਂ ਦੇ ਚਾਲਕ ਸਨ।
ਨਵੇਂ ਛਪੇ ਨੋਟਾਂ ਨਾਲ ਲੱਦਿਆ ਸੀ ਜਹਾਜ਼
ਦੱਸਿਆ ਜਾ ਰਹੀ ਹੈ ਕਿ ਇਹ ਜਹਾਜ਼ ਕੇਂਦਰੀ ਬੈਂਕ ਤੋਂ ਨਵੇਂ ਛਪੇ ਨੋਟ ਲੈ ਕੇ ਦੂਜੇ ਸ਼ਹਿਰਾਂ ਵੱਲ ਜਾ ਰਿਹਾ ਸੀ। ਹਾਦਸੇ ਤੋਂ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ਵਿੱਚ ਸੜਕ ‘ਤੇ ਖਿੰਡਿਆ ਮਲਬਾ ਅਤੇ ਭਾਰੀ ਮਾਤਰਾ ਵਿੱਚ ਨਕਦੀ (ਕਰੰਸੀ ਨੋਟ) ਫੈਲੀ ਹੋਈ ਦਿਖਾਈ ਦੇ ਰਹੀ ਹੈ। ਨੋਟਾਂ ਦੇ ਢੇਰ ਦੇਖ ਕੇ ਸੈਂਕੜੇ ਸਥਾਨਕ ਲੋਕ ਉੱਥੇ ਇਕੱਠੇ ਹੋ ਗਏ, ਜਿਸ ਕਾਰਨ ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਦੰਗਾ-ਰੋਧੀ ਤਾਕਤ ਦੀ ਵਰਤੋਂ ਕਰਨੀ ਪਈ।
ਉਡਾਣਾਂ ਰੱਦ, ਜਾਂਚ ਦੇ ਹੁਕਮ ਜਾਰੀ
ਇਸ ਵੱਡੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਏਅਰਪੋਰਟ ਦੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਸਰਕਾਰ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸਤ੍ਰਿਤ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਸਕੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



