LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੋਮਣੀ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ ‘ਅੱਖਰ ਅੱਖਰ’ ਲੋਕ-ਅਰਪਣ

loo525863

ਫਗਵਾੜਾ : ਫਗਵਾੜਾ ਵਿਖੇ ਇਕ ਸਮਾਗਮ ਦੌਰਾਨ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਦੀ ਕਰੀਬ 900 ਗਜ਼ਲਾਂ ਦੀ ਪੁਸਤਕ ‘ਅੱਖਰ ਅੱਖਰ’ ਲੋਕ-ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਪਿਛਲੇ 50 ਸਾਲਾਂ ਵਿਚ ਛਪੇ 8 ਗਜ਼ਲ ਸੰਗ੍ਰਿਹਾਂ ਦੀਆਂ ਗਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ।

472 ਸਫਿਆਂ ਦੀ ਇਹ ਪੁਸਤਕ ਉਸ ਨੇ ਆਪਣੀ ਵਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ,ਜਿਸ ਨੇ ‘ਸਾਡੇ ਪਿੰਡ ਬਸੰਤ ਕੋਟ ਵਿਚ ਬੀਬੀ ਜੀ ਦੇ ਚੁਲ੍ਹੇ ਅੱਗੇ ਸੁਆਹ ਵਿਛਾ ਕੇ ਪਹਿਲੀ ਵਾਰ ‘ਊੜਾ’ ਲਿਖ ਕੇ’ ਦਿਤਾ ‘ਤੋਂ ਲੈ ਕੇ ਮੇਰੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੇ ਨਾਮ’  ਕੀਤੀ ਹੈ।

ਲ਼ੋਕ ਅਰਪਣ ਸਮਾਗਮ ਸੰਗੀਤ ਦਰਪਨ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਫਗਵਾੜਾ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ(ਰਿੰਪੀ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ,ਲੁਧਿਆਣਾ(ਦੋਆਬਾ ਜ਼ੋਨ) ਦੇ ਕਨਵੀਨਰ ਸਰਬਜੀਤ ਸਿੰਘ ਲੁਬਾਣਾ ਵਲੋਂ ਕਰਵਾਇਆ ਗਿਆ।

ਦੋ ਦਰਜਨ ਤੋਂ ਵਧ ਪੁਸਤਕਾਂ ਦੇ ਲੇਖਕ ਅਤੇ ਕਈ ਅਵਾਰਡਾਂ ਨਾਲ ਸਨਮਾਨਤ ਪ੍ਰੋ. ਗਿੱਲ ਨੇ ਇਸ ਪੁਸਤਕ ਵਿਚ 1973-2023 ਦਰਮਿਆਨ ਲਿਖੀਆਂ ਗਜ਼ਲਾਂ ਦੇ ‘ਅੱਖਰ ਅੱਖਰ’ ਪਾਠਕਾਂ ਅਗੇ ਪਰੋਸੇ ਹਨ। ਇਸ 2 ਮਈ ਨੂੰ 70 ਸਾਲਾਂ ਦੇ ਹੋਣ ਸਮੇਂ ਉਹਨਾਂ ਆਪਣੀ 50 ਸਾਲਾ ਗਜ਼ਲ-ਘਾਲਣਾ ਨੂੰ ਇਕ ਸੰਗ੍ਰਹਿ ਵਿਚ ਛਪਵਾਉਣ ਦਾ ਉਪਰਾਲਾ ਕੀਤਾ।

ਇਸ ਸਮੇਂ ਬੋਲਦਿਆਂ ਪ੍ਰੋ. ਗਿੱਲ ਨੇ ਕਿਹਾ,” ਕਵੀ ਸੰਵੇਦਨਸ਼ੀਲ ਅਤੇ ਸ਼ਾਂਤੀ-ਪਸੰਦ ਹੁੰਦੇ ਹਨ।ਉਹ ਕਿਸੇ ਬੰਦੇ ਜਾਂ ਸਿਸਟਮ ਨਾਲ ਸਿੱਧਾ ਤਾਂ ਲੜ ਨਹੀਂ ਸਕਦੇ।ਉਹ ਆਪਣਾ ਗੁੱਸਾ ਕਾਗਜ਼ਾਂ ਉਪਰ ਕਢਦੇ ਹਨ।ਕਵੀ ਆਪਣੀ ਕਵਿਤਾ ਕਾਗਜ਼ਾਂ ਦੇ ਹਵਾਲੇ ਕਰ ਦਿੰਦੈ।ਕਾਗਜ਼ ਨੂੰ ਕਹਿ ਦਿੰਦੈ ਕਿ ਸਿਸਟਮ ਜਾਂ ਕਿਸੇ ਬੰਦੇ ਦੇ ਖਿਲਾਫ ਉਸ ਦੀ ਪੀੜ ਨੂੰ ਜਦ ਕਦੀ ਵੀ ਠੀਕ ਲਗੇ ਦਸ ਦਵੇ।ਸਾਨੂੰ ਸਭ ਨੂੰ ਚਾਹੀਦੈ ਕਿ ਜਿਸ ਧਰਤੀ ਨੇ ਸਾਨੂੰ ਪੈਦਾ ਕੀਤਾ ਉਸ ਦੀ ਪੀੜ ਜਾਣੀਏ ਅਤੇ ਸ਼ਬਦਾਂ ਦੇ ਹਵਾਲੇ ਕਰੀਏ।ਪਰ ਇਹ ਪੀੜ ਅਸੀਂ ਆਪਣੇ ਵਿਚ ਦੀ ਕਢੀਏ ਜਿਵੇਂ ਮਧੂਮੱਖੀ ਸ਼ਹਿਦ ਬਨਾਉਣ ਲਈ ਉਸ ਨੂੰ ਆਪਣੇ ਵਿਚ ਦੀ ਕਢਦੀ ਹੈ।ਪਰ ਅਸੀਂ ਅਜਿਹਾ ਕਰਦੇ ਨਹੀਂ।ਸ਼ਹਿਨਾਈ ਸਭ ਸੁਣਦੇ ਹਨ ਪਰ ਜੋ ਤਾਰ ਤੇ ਬੀਤਦੀ ਹੈ ਉਸ ਵਲ ਕੋਈ ਧਿਆਨ ਨਹੀਂ ਦਿੰਦਾ(‘ਜੋ ਸਾਜ਼ ਸੇ ਨਿਕਲੀ ਹੈ ਵੋ ਧੁਨ ਸਭ ਨੇ ਸੁਨੀ ਹੈ,/ਜੋ ਤਾਰ ਪੇ ਗੁਜ਼ਰੀ ਹੈ ਵੋ ਕਿਸ ਕੋ ਪਤਾ ਹੈ’)।ਸਾਨੂੰ ਸਭ ਨੂੰ ਸ਼ਬਦਾਂ ਦਾ ਸਭਿਆਚਾਰ ਸਿਰਜਣਾ ਚਾਹੀਦਾ ਹੈ”।

ਦੋਹਾਂ ਪੰਜਾਬਾਂ ਦੇ ਲੋਕਾਂ ਵਿਚ ਪਿਆਰ-ਮੁਹੱਬਤ ਦੇ ਮੁਦੱਈ ਪ੍ਰੋ. ਗਿੱਲ ਨੇ ਆਪਸੀ ਪਿਆਰ ਅਤੇ ਸਾਂਝ ਵਧਾਉਣ ਦਾ ਸੁਨੇਹਾ ਦਿੰਦਿਆਂ ਆਪਣੇ ਪਸੰਦੀਦਾ ਹਿੰਦੀ ਕਵੀ ਦੁਸ਼ਯੰਤ ਕੁਮਾਰ ਦੀਆਂ ਗਜ਼ਲਾਂ ਦੇ ਕਈ ਸ਼ੇਅਰਾਂ ਦਾ ਹਵਾਲਾ ਦਿਤਾ-

“ਕਹਾਂ ਤੋ ਤਯ ਥਾ ਚਿਰਾਗਾਂ ਹਰੇਕ ਘਰ ਕੇ ਲੀਏ,

ਕਹਾਂ ਚਿਰਾਗ ਮੁਯੱਸਰ ਨਹੀਂ ਸ਼ਹਿਰ ਕੇ ਲੀਏ।

ਯਹਾਂ ਦਰਖਤੋਂ ਕੇ ਸਾਏ ਮੇਂ ਧੂਪ ਲਗਤੀ ਹੈ,

ਚਲੋ ਯਹਾਂ ਸੇ ਚਲੇਂ ਔਰ ਉਮਰ ਭਰ ਕੇ ਲੀਏ।

ਨਾ ਹੋ ਕਮੀਜ਼ ਤੋ ਪਾਂਉਂ ਸੇ ਪੇਟ ਢਕ ਲੇਂਗੇ,

ਯੇ ਲੋਗ ਕਿਤਨੇ ਮੁਨਾਸਿਬ ਹੈਂ, ਇਸ ਸਫਰ ਕੇ ਲ਼ੀਏ”।

ਉਹਨਾਂ ਨੇ ਡਾ.ਬਸ਼ੀਰ ਬਦਰ,ਨਿਦਾ ਫਾਜ਼ਲੀ,’ਸਾਡਾ ਆਪਣਾ’ ਸੁਰਜੀਤ ਪਾਤਰ,ਜਗਤਾਰ,ਹਰਭਜਨ ਹੁੰਦਲ,’ਧਰਤੀ ਪੁੱਤਰ’ ਪ੍ਰੋ. ਕਸ਼ਮੀਰ ਕਾਦਰ ਦੀ ਖੂਬ ਪ੍ਰਸ਼ੰਸਾ ਕੀਤੀ।

ਉਹਨਾਂ ਕਾਦਰ ਦੇ ਸ਼ੇਅਰ ਕੋਟ ਕੀਤੇ-

“ਕੌਣ ਹੈ ਸਾਗਰ ਨੂੰ ਲਾਂਬੂ ਲਾ ਗਿਆ,

ਕੌਣ ਹੈ ਮਛੀਆਂ ਨੂੰ ਸੁੱਕਣੇ ਪਾ ਗਿਆ।

ਮਹਿਕ ਨੂੰ ਤਰਸੇਗਾ ਭਾਰਤ ਦਾ ਵਿਧਾਨ,

ਫੁੱਲ ਜੇ ਪੰਜਾਬ ਦਾ ਮੁਰਝਾ ਗਿਆ”।

ਉਹਨਾਂ ਨੇ ਕਾਦਰ ਦਾ ਹਰਮਨ ਪਿਆਰਾ ਗੀਤ,ਜੋ ਉਸ ਨੇ ਸ਼ਾਇਰ ਸੁਰਿੰਦਰ ਗਿੱਲ ਨੂੰ ਸੰਬੋਧਨ ਕੀਤਾ ਸੀ,ਦਾ ਵੀ ਹਵਾਲਾ ਦਿਤਾ-“ਤੈਨੂੰ ਹਾਸਿਆਂ ਤੇ ਜ਼ਖਮ ਦਿਖਾਵਾਂ,ਜੇ ਸਾਡੀ ਗਲੀ ਆਂਵੇਂ ਮਿੱਤਰਾ…”

ਪ੍ਰੋ. ਗਿੱਲ ਨੇ ਸਰਬਜੀਤ ਸਿੰਘ ਲੁਬਾਣਾ ਦੀ ਇਸ ਗਲੋਂ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ‘ਸਿੰਘ ਬਰਦਰਜ਼’ ਕੋਲੋਂ 30 ਪੁਸਤਕਾਂ ਖ੍ਰੀਦ ਕੇ ਪਾਠਕਾਂ ਵਿਚ ਵੰਡੀਆਂ ਹਨ।ਉਹਨਾਂ ਕਿਹਾ ਕਿ ਉਹਨਾਂ ਇਹ ਪੁਸਤਕ ਬੜੇ ਜਣਿਆਂ ਨੂੰ ਭੇਂਟ ਕੀਤੀ,ਵਡਿਆਂ ਵਡਿਆਂ ਨੂੰ ਵੀ,ਪਰ ‘ਸੰਗਤ/ਲੋਕ ਅਰਪਣ’ ਪਹਿਲੀ ਵਾਰ ਫਗਵਾੜਾ ਵਿਚ ਹੀ ਕੀਤੀ ਕਿਉਂਕਿ ਇਹ ‘ਹਿੰਮਤੀਆਂ ਦਾ ਸ਼ਹਿਰ’ ਹੈ।

ਉਹਨਾਂ ਤਰਨਜੀਤ ਸਿੰਘ ਕਿੰਨੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਹਮੇਸ਼ਾਂ ਉਹਨਾਂ ਨੂੰ ‘ਮੁਹੱਬਤ ਦਾ ਕੇਸੀ ਇਸ਼ਨਾਨ ਕਰਵਾਇਆ’!

ਉਹਨਾਂ ਨੇ ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਗੁਰਮੀਤ ਪਲਾਹੀ ਨਾਲ ਆਪਣੀ ਪੁਰਾਣੀ ਸਾਂਝ ਦਾ ਹਵਾਲਾ ਵੀ ਦਿਤਾ।ਜਗਦੇਵ ਸਿੰਘ ਜੱਸੋਵਾਲ,ਪ੍ਰੋ. ਦਿਲਬਾਗ ਸਿੰਘ ਗਿੱਲ ਅਤੇ ਹੋਰ ਕਈ ਸ਼ਕਸੀਅਤਾਂ ਦਾ ਜ਼ਿਕਰ ਵੀ ਕੀਤਾ।

ਇਸ ਮੌਕੇ ਬੋਲਦਿਆਂ ਪ੍ਰੋ. ਜਸਵੰਤ ਸਿੰਘ ਗੰਡਮ ਨੇ ਦੁਸ਼ਯੰਤ ਕੁਮਾਰ ਅਤੇ ਅਦਮ ਗੌਂਡਵੀ ਦੀ ਗਜ਼ਲ ਦੀ ਪ੍ਰੀਭਾਸ਼ਾ ਦਾ ਹਵਾਲਾ ਦਿਤਾ-

-“ਮੈਂ ਜਿਸੇ ਓੜਤਾ ਵਿਛਾਤਾ ਹੂੰ,

ਉਹਨਾਂ ਕਿਹਾ ਕਿ “ਗਜ਼ਲ ਮੇ ਜ਼ਾਤ ਭੀ ਹੈ ਔਰ ਕਾਇਨਾਤ ਭੀ,/ਤੁਮਹਾਰੀ ਬਾਤ ਭੀ ਹੈ ਔਰ ਹਮਾਰੀ ਬਾਤ ਭੀ”।

ਉਹਨਾਂ ਨੇ ਕਿਹਾ ਕਿ ਗੁਰਭਜਨ ਗਿੱਲ ਦੀਆਂ ਗਜ਼ਲਾਂ ਵਿਚ ਸਰਲਤਾ,ਸੰਖੇਪਤਾ ਅਤੇ ਸਾਗਰੀ ਗਹਿਰਾਈ ਹੈ।ਉਹਨਾਂ ਪ੍ਰੋ. ਗਿੱਲ ਦੇ ਇਕ ਨਿੱਕ-ਸਤਰੀ,ਦਸ ਸ਼ਬਦਾਂ ਵਾਲੇ ਸ਼ੇਅਰ ਦਾ ਹਵਾਲਾ ਦਿਤਾ-“ਸ਼ਹਿਰ ਲਾਹੌਰੋਂ ਅੰਬਰਸਰ ਦਾ,/ਕਿੰਨਾ ਪੈਂਡਾ ਘਰ ਤੋਂ ਘਰ ਦਾ”।ਉਹਨਾਂ ਚੈੱਕ-ਫਰੈਂਚ ਲੇਖਕ ਮਿਲਾਨ ਕੁੰਦੇਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੇਖਕ ਸੱਚ ਦਾ ਪ੍ਰਚਾਰਕ ਨਹੀਂ ਸਗੋਂ ਸੱਚ ਦਾ ਖੋਜੀ ਹੁੰਦਾ ਹੈ।ਉਹਨਾਂ ਕਿਹਾ ਕਿ ਸੱਚ ਨਾਲ ਖੜਨਾਂ ਲੇਖਕ ਦਾ ਪਰਮ-ਧਰਮ ਹੈ।

ਉਹਨਾਂ ਹੋਰ ਕਿਹਾ ਕਿ ਪ੍ਰੋ. ਗਿੱਲ ਚੋਟੀ ਦੇ ਸ਼ਾਇਰ ਤਾਂ ਹਨ ਹੀ,ਉਹ ਵਾਰਤਕ ਵੀ ਬਹੁਤ ਸੁੰਦਰ ਲਿਖਦੇ ਹਨ।ਉਹਨਾਂ ਦੀ ਵਾਰਤਕ ਵਿਚ ਕਾਵਿਕਤਾ ਹੁੰਦੀ ਹੈ।

ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਪ੍ਰੋ. ਗਿੱਲ ਨੂੰ ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਕਾਸ਼ਤ ਪੁਸਤਕਾਂ ਦਾ ਸੈਟ ਭੇਂਟ ਕੀਤਾ।

ਸਮਾਗਮ ਦੇ ਪ੍ਰਬੰਧਕ ਤਰਨਜੀਤ ਸਿੰਘ ਕਿੰਨੜਾ(ਰਿੰਪੀ) ਨੇ ਪ੍ਰੋ. ਗਿੱਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਲੇਖਕ/ਕਵੀ ਐਡਵੋਕੇਟ ਐਸ.ਐਲ. ਵਿਰਦੀ,ਬਲਦੇਵ ਰਾਜ ਕੋਮਲ,ਰਵਿੰਦਰ ਚੋਟ,ਡਾ.ਇੰਦਰਜੀਤ ਵਾਸੂ,ਸੁਖਵਿੰਦਰ ਸਿੰਘ ਸੱਲ, ਪਰਵਿੰਦਰਜੀਤ ਸਿੰਘ,ਰਵਿੰਦਰ ਰਾਏ, ਦਵਿੰਦਰ ਜੱਸਲ, ਤਰਨਜੀਤ ਕਿੰਨੜਾ,  ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪੱਤਰਕਾਰ ਹਰੀਪਾਲ ਸਿੰਘ,ਸਾਬਕਾ ਸਰਪੰਚ ਚਰਨਜੀਤ ਸਿੰਘ ਬਰਨਾਂ,ਜਸਵਿੰਦਰ ਕੌਰ ਫਗਵਾੜਾ, ਸੀਤਲ ਰਾਮ ਬੰਗਾ, ਅਮਰਿੰਦਰ ਕੌਰ ਰੂਬੀ, ਨਗੀਨਾ ਸਿੰਘ ਬਲੱਗਣ, ਸੁਖਵਿੰਦਰ ਸਿੰਘ  ਪ੍ਰਧਾਨ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।

In The Market