ਮੈਂ ਰਸੋਈ ਵਿਚ ਚਾਹ ਧਰੀ ਹੀ ਸੀ ਕਿ ਮੇਰੇ ਕੰਨਾਂ ਵਿਚ ਹਲਕੀ ਜਿਹੀ ਆਵਾਜ਼ ਪੈ ਰਹੀ ਆ ਜਿਵੇਂ ਕੋਈ ਹੋਕਾ ਦੇ ਰਿਹਾ ਹੋਵੇ। ਮੈਂ ਬਾਰ-ਬਾਰ ਬਿੜਕ ਲੈ ਰਹੀ ਆਂ ਕਿ ਮੂੰਹ ਨੇਰ੍ਹੇ ਕਿਹੜੀ ਆਵਾਜ਼ ਆ ਰਹੀ ਐ। ਹਾਲੇ ਟਾਂਵੇ-ਟਾਂਵੇ ਲੋਕ ਉਠੇ ਨੇ। ਆਵਾਜ਼ ਮੇਰੇ ਘਰ ਦੇ ਨਜ਼ਦੀਕ ਆ ਰਹੀ ਹੈ। ਮੇਰੀ ਦਿਲਚਸਪੀ ਆਵਾਜ਼ ਸੁਣਨ ਲਈ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਮਹੀਨਿਆਂ ਵਿਚ ਪਰਭਾਤ ਫੇਰੀ ਵੀ ਨਹੀਂ ਹੁੰਦੀ ਤੇ ਕੋਈ ਮੰਗਤਾ ਵੀ ਇੰਨੀ ਸਵੱਖਤੇ ਨਹੀਂ ਉਠਦਾ। ਜਿਉਂ ਹੀ ਆਵਾਜ਼ ਨੇੜੇ ਆਉਂਦੀ ਹੈ ਮੈਂ ਕਾਹਲ ਨਾਲ ਮੇਨ ਗੇਟ ਤੇ ਪਹੁੰਚ ਗਈ ਤੇ ਜਲਦੀ-ਜਲਦੀ ਦਰਵਾਜ਼ਾ ਖੋਲ੍ਹਿਆ___ ਸਫ਼ਾਈ ਵਾਲੇ, ਸਫ਼ਾਈ ਵਾਲੇ, ਭਾਈ ਸਫ਼ਾਈ ਵਾਲੇ ਆਏ ਆ, ਕੂੜਾ ਪਾ ਦਿਓ।
ਮੇਰੀ ਗਲ਼ੀ ਵਿਚ ਜ਼ਿਆਦਾਤਰ ਲੋਕ ਦੇਰ ਤੱਕ ਸੁੱਤੇ ਰਹਿੰਦੇ ਹਨ। ਉਦੋਂ ਨੂੰ ਕੋਈ ਨਾ ਕੋਈ ਮਸਲਾ ਖਿੰਡ ਪੁੰਡ ਜਾਂਦਾ ਹੈ ਤੇ ਜਿਹੜੇ ਜਾਗਦੇ ਨੇ ਉਹ ਝੱਟ ਮੱਛਰਦਾਨੀਆਂ 'ਚੋ ਬਾਹਰ ਆ ਜਾਂਦੇ ਨੇ। ਕਈ ਤਾਂ ਅਜਿਹੇ ਵੀ ਨੇ ਜਿਹੜੇ ਏ.ਸੀ. ਛੱਡ ਕੇ ਅੰਦਰ ਹੀ ਜਾਗਦੇ ਹੋਏ ਵੀ ਸੁੱਤੇ ਹੋਣ ਦਾ ਪਖੰਡ ਕਰਦੇ ਨੇ। ਇਨ੍ਹਾਂ ਨੂੰ ਬਾਹਰ ਦੀ ਦੁਨੀਆਂ ਨਾਲ ਕੋਈ ਮਤਲਬ ਨਹੀਂ।
ਜਦੋਂ ਸਫ਼ਾਈ ਵਾਲੇ, ਸਫ਼ਾਈ ਵਾਲੇ, ਭਾਈ ਸਫ਼ਾਈ ਵਾਲੇ ਆਏ ਆ, ਕੂੜਾ ਪਾ ਦਿਓ। ਇਨ੍ਹਾਂ ਨਵੇਂ ਜਿਹੇ ਸ਼ਬਦਾਂ ਨੂੰ ਸੁਣਨ ਲਈ ਕਈ ਔਰਤਾਂ, ਮਰਦ ਬਾਹਰ ਨਿਕਲੇ ਤੇ ਕਈ ਆਪਣੀਆਂ ਛੱਤਾਂ ਉੱਤੋਂ ਦੀ ਝਾਤੀਆਂ ਮਾਰਨ ਲੱਗੇ। ਉਨ੍ਹਾਂ ਫਿਰ ਕਿਹਾ "ਭਾਈ ਕੂੜਾ ਪਾਓ, ਸਫ਼ਾਈ ਵਾਲੇ ਆਏ ਆ।" ਇਕ ਔਰਤ ਨੇ ਉੱਚੀ ਆਵਾਜ਼ ਵਿਚ ਕਿਹਾ।
ਮੈਂ ਦੇਖਿਆ, ਇਹ ਔਰਤ ਬੜੀ ਸੋਹਣੀ ਸੁਨੱਖੀ ਆ, ਨਾਲ ਇਕ 15-16 ਸਾਲ ਦੀ ਕੁੜੀ ਆ ਜੀਹਨੇ ਸੋਹਣਾ ਲੀੜਾ-ਲੱਤਾ ਪਾਇਆ ਹੋਇਆ ਹੈ। ਦੇਖਣ ਨੂੰ ਸਕੂਲ ਵੀ ਪੜ੍ਹਦੀ ਲਗਦੀ ਹੈ, ਮੇਰੇ ਮਨ ਵਿਚ ਆਇਆ ਇਨ੍ਹਾਂ ਉੱਤੇ ਉਹ ਕਹਾਵਤ ਸਹੀ ਢੁੱਕਦੀ ਹੈ ਕਿ "ਚਿੱਕੜ ਵਿੱਚ ਕਮਲ ਖਿੜਦੇ ਨੇ।" ਪਰ ਚਿੱਕੜ ਬਣਾਉਣ ਵਾਲੇ ਜ਼ਿਆਦਾ ਹਨ।
ਮੇਰੇ ਘਰ ਤੋਂ ਦੋ ਘਰ ਪਿਛੇ ਵਾਲੀ ਔਰਤ ਨੇ ਕੂੜੇ ਵਾਲਾ ਲਿਫ਼ਾਫਾ ਸੁੱਟਦੇ ਹੋਏ ਕਿਹਾ, "ਕੁੜੇ ਇਹ ਨਵਾਂ ਈ ਪਾਖੰਡ ਜਿਹਾ ਏ ਆਖੇ, "ਸਫ਼ਾਈ ਵਾਲੇ" ਨਾ ਤੁਸੀਂ ਅ ਜੋ ਬੜੀਆਂ ਨਿੱਖਰੀਆਂ ਫਿਰਦੀਆਂ। ਕੋਈ ਖਜ਼ਾਨਾ ਹੱਥ ਲੱਗ ਗਿਆ।" ਔਰਤ ਨੇ ਹਲਕਾ ਜਿਹਾ ਜੁਆਬ ਦਿੱਤਾ, ਸਮਾਂ ਆਉਣ ਤੇ ਉਹ ਵੀ ਲੱਗ ਜੂਗਾ।" ਤੇ ਅੱਗੇ ਤੁਰ ਪਈਆਂ। ਉਨ੍ਹਾਂ ਫਿਰ ਕਿਹਾ, "ਸਫ਼ਾਈ ਵਾਲੇ, ਭਾਈ ਸਫ਼ਾਈ ਵਾਲੇ। ਇਕ ਮੂੰਹ ਚੜਾਉਂਦੀ ਡਸਟਬਿਨ ਉਲਟਾ ਕੇ ਕਾਹਲ ਨਾਲ ਅੰਦਰ ਵੜ ਗਈ ਜਿਵੇਂ ਇਨ੍ਹਾਂ ਦਾ ਸਵੇਰੇ-ਸਵੇਰੇ ਮੱਥੇ ਲੱਗਣਾ ਅਸ਼ੁਭ ਹੋਵੇ।
ਮੇਰੇ ਘਰ ਤੋਂ ਸਾਹਮਣੇ ਵਾਲੇ ਮਕਾਨ ਮਾਲਕ ਨੇ ਉਪਰੋਂ ਬਾਲਕੋਨੀ ਵਿਚ ਖੜ੍ਹੇ ਹੀ ਕੂੜਾ ਹੇਠਾਂ ਸੁੱਟ ਦਿੱਤਾ। ਉਨ੍ਹਾਂ ਮਾਂਵਾਂ-ਧੀਆਂ ਨੂੰ ਬਹੁਤ ਬੁਰਾ ਮਹਿਸੂਸ ਹੋਇਆ ਪਰ ਕਿਹਾ ਕੁਝ ਨਹੀਂ। ਗਰੀਬਾਂ ਵਿਚ ਹਲੀਮੀ ਜ਼ਿਆਦਾ ਹੁੰਦੀ ਐ। ਸਬਰ ਸੰਤੋਖ ਤਾਂ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਗਰੀਬੀ ਦੀ ਮਾਰੀ ਮੱਤ ਛੇਤੀ ਚੇਤਨ ਨੀ ਹੋਣ ਦਿੰਦੀ ਪਰ ਜਦੋਂ ਹੁੰਦੀ ਹੈ ਦਿਸਣ ਲੱਗਦੀ ਹੈ। ਇਕ ਮੁੰਡਾ ਖੜ੍ਹਾ ਕੁੜੀ ਨੂੰ ਬਿੱਟ-ਬਿੱਟ ਤੱਕ ਰਿਹਾ ਸੀ। ਉਹ ਕੁਝ ਔਖਾ ਮਹਿਸੂਸ ਨਹੀਂ ਕਰਦੀ ਸਗੋਂ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕ ਰਹੀ ਹੈ। ਉਹ ਇਸ਼ਾਰੇ ਨਾਲ ਕੁਝ ਕਿਹ ਰਿਹਾ ਹੈ ਪਰ ਕੁੜੀ ਦੇ ਮੱਥੇ ਉਪਰ ਲਗਾਤਾਰ ਤਿਉੜੀਆਂ ਵਧ ਰਹੀਆਂ ਨੇ। ਲੜਕਾ ਕੁੜੀ ਨੂੰ ਛੇੜਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ, ਜਦੋਂ ਉਹ ਨਾ ਹਟਿਆ ਤਾਂ ਕੁੜੀ ਨੇ ਰੇਹੜੀ ਨਾਲ ਟੰਗੇ ਬੋਰੇ ਵਿਚੋਂ ਦਾਤੀ ਉਪਰ ਕੱਢਕੇ ਵਿਖਾਈ ਤਾਂ ਮੇਰੇ ਬੁੱਲਾਂ ਉੱਤੇ ਮੁਸਕਾਨ ਆ ਗਈ। ਮੈਂ ਆਪ ਮੁਹਾਰੇ ਹੀ ਕਹਿ ਦਿੱਤਾ, "ਵਾਹ ਬੇਟੀ ਵਾਹ।" ਤੇ ਬੱਚੀ ਨੇ ਮੁੰਡੇ ਨੂੰ ਲਲਕਾਰਣ ਲਈ ਕਿਹਾ, ਸਫ਼ਾਈ ਵਾਲੇ, ਅਸੀਂ ਸਫ਼ਾਈ ਵਾਲੇ। ਤੇ ਮੈਂ ਖੜੀ ਨੇ ਹਲਕੀਆਂ ਜਿਹੀਆਂ ਤਾੜੀਆਂ ਮਾਰ ਦਿੱਤੀਆਂ। ਬੱਚੀ ਤੇ ਉਹਦੀ ਮਾਂ ਮੇਰੇ ਕੋਲ ਰੇਹੜੀ ਲੈਕੇ ਆ ਗਈਆਂ। ਮੈਂ ਬੱਚੀ ਨੂੰ ਪਿਆਰ ਦਿੱਤਾ, "ਸ਼ਾਬਾਸ਼ੇ ਧੀਏ।"
ਪਿਆਰ ਦਾ ਹਰ ਕੋਈ ਭੁੱਖਾਂ ਹੁੰਦਾ ਹੈ। ਪਿਆਰ 'ਚ ਮਰਨਾ ਤਾਂ ਸਾਡੇ ਲੋਕਾਂ ਦੀ ਫਿਤਰਤ ਹੈ। ਜੇ ਪਿਆਰ ਤੇ ਸਮਝ ਦੋਨੋਂ ਸਮਾਨ ਹੋਣ ਤਾਂ ਫਲਸਫ਼ਾ ਛੇਤੀ ਪੱਲੇ ਪੈ ਜਾਂਦਾ। ਭਾਵਨਾਵਾਂ ਦਾ ਮਰਨਾ ਕੋਈ ਵਿਕਾਸ ਨਹੀਂ। ਮਨੁੱਖਤਾ ਨੂੰ ਸਮਝਣਾ ਹੀ ਵਿਕਾਸ ਹੈ। ਮੈਂ ਕਿਤੇ ਖੋ ਗਈ। ਮੈਂ ਆਲੇ ਦੁਆਲੇ ਦੋ-ਦੋ, ਤਿੰਨ-ਤਿੰਨ ਮੰਜਲੀਆਂ ਕੋਠੀਆਂ ਤੱਕਦੀ ਰਹੀ। ਇੰਨੀਆਂ ਉੱਚੀਆਂ ਬਿਲਡਿਗਾਂ ਵਿਚ ਕਿੰਨੇ ਛੋਟੇ ਕੱਦ ਨੇ। ਬੱਚੀ ਨੇ ਮੈਨੂੰ ਹਲੂਣਿਆ, "ਘਰ ਦਾ ਕੂੜਾ ਪਾ ਦਿਓ ਜੀ।" ਮੈਂ ਤ੍ਰਬਕ ਗਈ। ਉਸਨੇ ਫਿਰ ਕਿਹਾ, "ਜੀ ਕੂੜਾ ਪਾ ਦਿਓ।" ਕਿੰਨੀ ਪਿਆਰੀ ਬੱਚੀ ਤੇ ਉਸ ਤੋਂ ਵੀ ਸੋਹਣੀ ਉਹਦੀ ਜ਼ੁਬਾਨ।
ਮੈਂ ਅੰਦਰੋਂ ਕੂੜਾ ਲਿਆ ਕੇ ਪਾਇਆ ਤੇ ਮੇਰੇ ਮਨ ਵਿਚ ਹਾਲੇ ਵੀ ਇਕ ਸਵਾਲ ਖੜਕ ਰਿਹਾ ਸੀ। ਮੈਂ ਉਨ੍ਹਾਂ ਨੂੰ ਪੁੱਛ ਹੀ ਲਿਆ। ਭੈਣ ਜੀ ਇਹ ਨਵਾਂ ਸ਼ਬਦ "ਸਫ਼ਾਈ ਵਾਲੇ" ਤੁਹਾਡੇ ਮਨ ਵਿਚ ਕਿਵੇਂ ਆਇਆ। ਉਨ੍ਹਾਂ ਇਕੋ ਵਾਕ ਬੋਲਿਆ, "ਭੈਣ ਜੀ ਸਫ਼ਾਈ ਵਾਲੇ ਤਾਂ ਅਸੀਂ ਹੀ ਹਾਂ, ਬਾਕੀ ਸਾਰੇ ਤਾਂ ਗੰਦ ਪਾਉਂਦੇ ਆ ਉਹ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ।"
ਸੰਦੀਪ ਕੌਰ "ਗ਼ਾਲਿਬ"
ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ।