ਕਹਾਣੀ 'ਸੁਪਨਿਆਂ ਦੀ ਮੌਤ'
"ਤਿੰਨ ਤਾਂ ਸੂਣ ਵਾਲੀਆਂ ਏ ਤੇ ਅੱਠ ਸੱਜਰ ਸੂਈਆਂ। ਸੁੱਖ ਨਾਲ ਦੁੱਧ ਵੀ ਚੰਗਾ ਦਿੰਦੀਆਂ। ਦੋ ਔਹ ਜਿਹੜੀਆਂ ਡੱਬ ਖੜੱਬੀਆਂ ਏ ਤੇ ਆਹ ਦੋ ਕਾਲੀਆਂ ਅਗਲੇ ਸਾਲ ਤੱਕ ਬਣ ਜਾਣੀਆਂ।" ਇਹ ਸਭ ਦੱਸਦੇ ਹੋਏ ਕਾਲੇ ਦੀਆਂ ਬਰਾਛਾਂ ਮੁਸਕਰਾਹਟ ਨਾਲ਼ ਕੰਨਾਂ ਤੱਕ ਖੁੱਲ੍ਹੀਆਂ ਸਨ। ਰਾਮੇ ਨਾਲ ਗੱਲਾਂ ਕਰਦੇ ਉਹਦਾ ਮੂੰਹ ਬੰਦ ਨ੍ਹੀ ਸੀ ਹੁੰਦਾ। ਜਿਵੇਂ ਉਹਦਾ ਢਿੱਡ ਖੁਸ਼ੀ ਨਾਲ ਭਰਿਆ ਪਿਆ ਸੀ ਤੇ ਇਹ ਖੁਸ਼ੀ ਸਾਂਝੀ ਕਰਨ ਨੂੰ ਉਹਦਾ ਦਿਲ ਵਾਰ-ਵਾਰ ਕਰਦਾ ਸੀ ਤੇ ਰਾਮਾ ਕਾਲੇ ਦੇ ਮੂੰਹ ਵੱਲ ਇਕ ਟੱਕ ਦੇਖ ਰਿਹਾ ਸੀ। ਜਿਵੇਂ ਉਹ ਵੀ ਮਹਿਸੂਸ ਕਰ ਰਿਹਾ ਹੋਵੇ, "ਗਰੀਬ ਆਪਣੀ ਖੁਸ਼ੀ ਕੋਠੇ ਤੇ ਚੜ੍ਹ ਕੇ ਹੋਕਾ ਦੇ-ਦੇ ਕੇ ਸਾਂਝੀ ਕਰਦਾ ਹੈ ਪਰ ਅਮੀਰਾਂ ਨੂੰ ਪਤਾ ਨ੍ਹੀ ਕੀ ........।
"ਰਾਮਿਆ ਹੁਣ ਤਾਂ ਯਾਰ ਦੋ ਕਮਰੇ ਪਾ ਕੇ ਵਿਆਹ ਕਰਵਾ ਲੈਣਾ। ਬਥੇਰੇ ਹੱਥ ਫੂਕ ਲੇ।" ਕਾਲੇ ਨੇ ਮੇਰੀ ਲੱਤ ਤੇ ਹੱਥ ਰੱਖ ਕੇ ਕਿਹਾ ਤੇ ਮੈਂ ਤ੍ਰਭਕਿਆ। ਹੈਂ ਕੀ ? "ਤੂੰ ਬੱਸ ਬਰਾਤੇ ਚੜ੍ਹਨ ਦੀ ਤਿਆਰੀ ਕਰ। ਸੁਵਾ ਲੈ ਲੀੜ੍ਹਾ ਲੱਤਾਂ। ਗੱਲ ਚਲਦੀ ਪਈ ਆ ਆਪਣੀ।"
ਤੇ ਮੈਨੂੰ ਸਮਝ ਲੱਗ ਗਈ ਕਿ ਉਹ ਆਪਣੇ ਵਿਆਹ ਦੀ ਗੱਲ ਕਰਦਾ ਏ। ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਉਹ ਇਕੱਲਾ ਹੀ ਇਕ ਛੋਟੇ ਜਿਹੇ ਕੋਠੇ ਵਿਚ ਰਹਿੰਦਾ ਸੀ। ਕਾਲੇ ਕੋਲ ਜਗ੍ਹਾ ਤਾਂ ਤਿੰਨ ਕੁ ਮਰਲੇ ਹੈਗੀ ਸੀ। ਜੀਹਦੇ ਆਲੇ-ਦੁਆਲੇ ਬਗਲ ਮਾਰ ਕੇ ਉਹ ਬੱਕਰੀਆਂ ਛੱਡ ਲੈਂਦਾ ਸੀ। ਦਿਨ ਰਾਤ ਉਨ੍ਹਾਂ ਦੀ ਸੇਵਾ ਕਰਦਾ, ਮੇਮਾਣਿਆਂ ਨੂੰ ਤਾਂ ਉਹ ਏਨਾ ਪਿਆਰ ਕਰਦਾ ਕਿ ਗੋਦੀ ਚੁੱਕ ਕੇ ਫਿਰਦਾ ਰਹਿੰਦਾ ਸੀ। ਉਹਨਾਂ ਨੂੰ ਪੂਰੀਆਂ ਰੀਝਾਂ ਨਾਲ ਪਾਲਦਾ।
ਇਕ ਦਿਨ ਮੈਂ ਉਹਨੂੰ ਮੇਰੀ ਬੇਬੇ ਕੋਲੋਂ ਉਨ ਦੇ ਫੁੱਲ ਬਣਾਉਣੇ ਸਿੱਖਦੇ ਦੇਖਿਆ। ਮੈਂ ਪੁੱਛਿਆ, "ਤੂੰ ਇਹ ਕੀ ਕਰਨੈ।" ਉਹਨੇ ਮੈਨੂੰ ਬੜੀ ਹੀ ਖੁਸ਼ੀ ਨਾਲ ਦੱਸਿਆ, "ਰਾਮਿਆ ਰਾਤੀਂ ਦੋ ਬੱਕਰੀਆਂ ਸੂਈਆਂ, ਉਹਨਾਂ ਦੇ ਮੇਮਣਿਆਂ ਦੇ ਗਲਾਂ ਵਿੱਚ ਇਹ ਰੰਗ-ਬਰੰਗੇ ਫੁੱਲ ਬਣਾਕੇ ਬੰਨਾਂਗਾ।" ਤੇ ਮੈਂ ਹੱਸ ਪਿਆ।
ਤੜਕੇ ਦਾ ਨਿਕਲਿਆ ਏ, ਬੱਕਰੀਆਂ ਚਾਰਨ ਲਈ। ਦੁਪਿਹਰ ਹੋ ਚੱਲੀ ਆ। ਅਸੀਂ ਕਿੰਨੀ ਦੇਰ ਗੱਲਾਂ ਕਰਦੇ ਰਹੇ। ਮੈਂ ਵੀ ਦਿਹਾੜੀ ਲਾਉਣ ਗਿਆ ਸੀ ਪਰ ਬਾਅਦ ਵਿਚ ਉਨ੍ਹਾਂ ਮੈਨੂੰ ਵਾਪਸ ਮੋੜ ਦਿੱਤਾ ਹੈ ਕਿ ਬੰਦੇ ਪੂਰੇ ਹੋ ਗਏ ਸਾਡਾ ਸਰ ਜਾਊ ਗਾ ਤੇ ਮੈਂ ਨਮੋਸ਼ ਜਿਹਾ ਹੋ ਕੇ ਵਾਪਸ ਆ ਗਿਆ। ਰਸਤੇ ਵਿੱਚ ਮੈਨੂੰ ਕਾਲਾ ਮਿਲ ਗਿਆ। ਮੈਂ ਵੀ ਬੇਬੇ ਨੂੰ ਜਾ ਕੇ ਕੀ ਜਵਾਬ ਦਿੰਦਾ ? ਖਾਲ਼ੀ ਹੱਥ ਦੇਖ ਕੇ ਉਹ ਵੀ ਨਿਰਾਸ਼ ਹੋ ਜਾਂਦੀ, ਤਾਂਹੀਓਂ ਇਥੇ ਹੀ ਬੈਠ ਗਿਆ।
"ਹੁਣ ਤਾਂ ਵੀਰੇ ਸੋਹਣਾ ਡੰਗ ਟੱਪਣ ਲੱਗ ਪਿਆ। ਭੈਣ ਦੇ ਵਿਆਹ ਦਾ ਕਰਜ਼ਾ ਪੱਚੀ ਕੁ ਪੈਸੇ ਰਹਿ ਗਿਆ। ਸਾਰਾ ਲਾਹ ਦਿੱਤਾ।"
"ਚੱਲ ਚੰਗਾ ਏ।" ਮੇਰੀ ਉਦਾਸ ਜਿਹੀ ਅਵਾਜ਼ ਨਿਕਲੀ ਪਰ ਕਾਲਾ ਝੱਟ ਭਾਂਪ ਗਿਆ। "ਤੂੰ ਇਧਰ ਕਿਧਰ ਆਇਆ ਸੀ।" ਮੈਂ ਚੁੱਪ ਕਰ ਗਿਆ, ਬੱਸ ਸਾਹਮਣੇ ਚਰਦੀਆਂ ਬੱਕਰੀਆਂ ਨੂੰ ਦੇਖਦਾ ਰਿਹਾ। ਕਾਲਾ ਕਦੇ ਮੇਰੇ ਮੂੰਹ ਵੱਲ ਦੇਖ ਲੈਂਦਾ ਤੇ ਕਦੇ ਬੱਕਰੀਆਂ ਨੂੰ । ਇਸ ਚੁੱਪ ਤੋਂ ਬਾਅਦ ਮੇਰੇ ਅੰਦਰਲਾ ਦਰਦ ਫੁੱਟ ਪਿਆ। "ਤੈਨੂੰ ਤਾਂ ਪਤੈ ਯਾਰ ਬਾਪੂ ਦੇ ਜਾਣ ਤੋਂ ਬਾਅਦ, ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਆ ਪਈ। ਮੈਂ ਹੁਣ ਉਸ ਘਰ ਦਾ ਪੁੱਤ ਹੀ ਨਹੀਂ ਬਾਪੂ ਵੀ ਆਂ।"ਬਾਪੂ ਦੇ ਤੁਰ ਜਾਣ ਤੋਂ ਬਾਅਦ ਘਰ ਦਾ ਵੱਡਾ ਪੁੱਤ ਆਪਣੇ ਭੈਣ-ਭਰਾਵਾਂ ਤੇ ਮਾਂ ਦੀ ਜ਼ਿੰਮੇਵਾਰੀ ਬਾਪ ਦੀ ਤਰ੍ਹਾਂ ਹੀ ਚੁੱਕਦਾ। ਮੇਰੇ ਬਾਪੂ ਨੇ ਜਿਉਂਦੇ ਜੀਅ ਏਨੀ ਮਿਹਨਤ ਕੀਤੀ, ਕੋਈ ਕਸਰ ਨ੍ਹੀ ਛੱਡੀ ਸਾਡੇ ਲਈ। ਜਿੰਨ੍ਹਾਂ ਉਹ ਕਰ ਸਕਦਾ ਸੀ ਓਨਾ ਉਹਨਾ ਕੀਤਾ। ਅਫ਼ਸਰ ਬਨਾਉਣਾ ਚਾਹੁੰਦਾ ਸੀ ਉਹ ਮੈਨੂੰ। ਕਈ ਵਾਰ ਤਾਂ ਉਹ ਜਿਮੀਂਦਾਰਾਂ ਨਾਲ ਖਹਿਬੜ ਪੈਂਦਾ ਜੇ ਕੋਈ ਮੈਨੂੰ ਦਿਹਾੜੀ ਕਰਨ ਲਈ ਕਹਿੰਦਾ, ਅੱਗੋਂ ਮੇਰਾ ਬਾਪੂ ਉਹਨੂੰ ਦਸ-ਦਸ ਸੁਣਾਉਂਦਾ। "ਗੱਲ ਸੁਣ ਲਓ ਵੱਡੇ ਜ਼ਿਮੀਂਦਾਰੋ, ਇਹ ਮੇਰਾ ਪੁੱਤ ਐ, ਕਦੇ ਸਕੂਲ ਦੇ ਮਾਸਟਰਾਂ ਤੋਂ ਪੁੱਛਿਓ, ਸਾਰੇ ਸਕੂਲ ਵਿੱਚ ਲਾਇਕ ਐ ਮੇਰਾ ਪੁੱਤ। ਜਦੋਂ ਡਿਗਰੀ ਲੈ ਲਈ ਇਨੇ, ਅਫ਼ਸਰ ਤਾਂ ਵੱਟ 'ਤੇ ਪਿਆ। ਤੇਰੇ ਵਰਗੇ ਮੇਰੇ ਗੋਡੀਂ ਹੱਥ ਲਾਇਆ ਕਰਨਗੇ। ਫਿਰ ਤੜਕਸਾਰ ਸਪਾਰਸ਼ਾ ਲਈ ਮੇਰੇ ਤਰਲੇ ਕੱਢਿਆ ਕਰੋਗੇ। "ਅਖੈ ਰਮਿੰਦਰ ਭਾਅ ਜੀ ਨੂੰ ਕਹਿ ਦਿਓ ਸਾਡੀ ਜ਼ਮੀਨ ਦਾ ਝਗੜਾ ਨਿਪਟਾ ਦੇਣ।"
ਮੇਰੇ ਬਾਪੂ ਦੀਆਂ ਮੇਰੇ ਤੋਂ ਅਥਾਹ ਉਮੀਦਾਂ ਸਨ। ਉਹ ਮੈਨੂੰ ਜੱਜ ਲਾਉਣਾ ਚਾਹੁੰਦਾ ਸੀ। ਮੇਰੀ ਮਾਂ ਤਾਂ ਮੈਨੂੰ ਜੱਜ ਪੁੱਤ ਹੀ ਕਹਿ ਕੇ ਬੁਲਾਉਂਦੀ। ਕਦੇ-ਕਦੇ ਬੇਬੇ ਬਾਪੂ ਲੜ ਪੈਂਦੇ ਤੇ ਮੇਰਾ ਬਾਪੂ ਹਾਸੇ-ਹਾਸੇ ਵਿੱਚ ਮੈਨੂੰ ਕਹਿੰਦਾ, "ਜੱਜ ਸਾਹਬ ਤੁਸੀਂ ਦੱਸੋ ਗਲਤੀ ਕੀਹਦੀ ਹੈ।" ਉਹ ਦੋਵੇਂ ਕੁੱਕੜਾਂ ਵਾਂਗ ਲੜਦੇ ਰਹਿੰਦੇ ਤੇ ਮੈਂ ਹੱਸਦਾ ਰਹਿੰਦਾ। ਕਦੇ-ਕਦੇ ਬੇਬੇ ਮੈਨੂੰ ਕਹਿ ਦਿੰਦੀ, "ਜੱਜ ਸਾਹਿਬ ਤੁਸੀਂ ਏਸ ਬੰਦੇ ਤੋਂ ਮੇਰਾ ਖਹਿੜਾ ਹੀ ਛੁਡਾ ਦਿਓ।" ਮੈਂ ਵੀ ਇਕ ਦਿਨ ਹੱਸਦੇ-ਹੱਸਦੇ ਨੇ ਕਹਿ ਦਿੱਤਾ, "ਛੱਡ ਦਿਓ ਏਸ ਔਰਤ ਨੂੰ। ਤੁਹਾਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ। ਇਸ ਲਈ ਕਿ ਤੁਸੀਂ ਇਸਨੂੰ ਬਹੁਤ ਪਿਆਰ ਕਰਦੇ ਹੋ। ਤੁਸੀਂ ਹਰ ਜ਼ਿੰਮੇਵਾਰੀ ਨਿਭਾਉਂਦੇ ਹੋ। ਤੁਸੀਂ ਦੁਨੀਆਂ ਦੇ ਸਾਰੇ ਬਾਪੂਆਂ ਨਾਲੋਂ ਚੰਗੇ ਬਾਪੂ ਹੋ। ਤੁਸੀਂ ਅਜਿਹੇ ਬਾਪ ਹੋ ਜੋ ਕਦੇ ਕੁੜੀ ਮੁੰਡੇ ਵਿੱਚ ਫ਼ਰਕ ਨਹੀਂ ਕਰਦੇ। ਤੁਸੀਂ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਖੂਬ ਪੜ੍ਹਾ ਰਹੇ ਹੋ। ਤੁਸੀਂ ਗਰੀਬੀ ਨੂੰ ਵੀ ਮਾਤ ਪਾਈ ਹੈ ਤੇ ਅਮੀਰਾਂ ਨੂੰ ਵੀ ਔਕਾਤ ਦਿਖਾਈ ਹੈ। ਜੈ ਮੇਰਾ ਬਾਪੂ।" ਮੇਰੀ ਮਾਂ ਤੇ ਭੈਣ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਡਿੱਗ ਰਹੇ ਸਨ। ਮੇਰੇ ਬਾਪੂ ਨੇ ਭੱਜ ਕੇ ਮੈਨੂੰ ਕਲਾਵੇ ਵਿਚ ਲੈ ਲਿਆ। "ਉਏ ਪੁੱਤਰਾ ਚਿੰਤਾ ਨੀ ਕਰਨੀ ਕਿਸੇ ਗੱਲ ਦੀ।" ਉਹ ਕਿੰਨੀ ਦੇਰ ਮੇਰੀ ਪਿੱਠ ਥਾਪੜਦਾ ਰਿਹਾ। ਉਸ ਰਾਤ ਪਤਾ ਨਹੀਂ ਕਿਉਂ, ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਸਵੇਰ ਹੋਈ, ਮਾਂ ਨੇ ਮੈਨੂੰ ਆਵਾਜ਼ ਮਾਰੀ ਭੈਣ ਨੂੰ ਬੱਸ ਚੜਾਇਐ ਕਿਤੇ ਲੰਘ ਨਾ ਜਾਵੇ। ਅੱਜ ਉਹਦਾ ਪੇਪਰ ਆ।" ਬਾਪੂ ਕੰਮ ਤੇ ਜਾਣ ਦੀ ਤਿਆਰੀ ਕਰ ਰਿਹਾ ਸੀ। "ਹੋਰ ਕਿੱਦਾਂ ਬਾਪੂ।" ਮੈਂ ਟਿੱਚਰ ਜਿਹੀ ਨਾਲ ਕਿਹਾ। ਉਹ ਬੋਲਿਆ ਕੁਝ ਨ੍ਹੀ ਬੱਸ ਬੁੱਲਾਂ ਉੱਤੇ ਗਹਿਰੀ ਜਿਹੀ ਮੁਸਕਰਾਹਟ ਸੀ।
ਮੈਂ ਭੈਣ ਨੂੰ ਬੱਸ ਚੜ੍ਹਾ ਕੇ ਵਾਪਸ ਪਰਤਿਆ ਤਾਂ ਬਾਪੂ ਕੰਮ ਤੇ ਜਾ ਚੁੱਕਾ ਸੀ। ਬੇਬੇ ਨਾਲ਼ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲਈ ਮੈਂ ਅੱਜ ਛੁੱਟੀ ਕੀਤੀ ਸੀ। ਅਸੀਂ ਦੋਵੇਂ ਮਾਂ ਪੁੱਤ ਨੇ ਘਰ ਦੇ ਕਈ ਕੰਮ ਕੀਤੇ। ਬਾਰਾਂ ਕੁ ਵਜੇ ਸਾਹੋ-ਸਾਹ ਹੋਇਆ ਇੱਕ ਮੁੰਡਾ ਘਰ ਆਇਆ, "ਓਏ ਤੇਰਾ ਬਾਪੂ, ਉਏ ਤੇਰੇ ਬਾਪੂ ਨੂੰ ਕਰੰਟ ਲੱਗ ਗਿਆ।" ਉਹ ਕਰੰਟ ਸਾਡੇ ਵੀ ਪੈਰਾਂ ਥਾਣੀ ਦੀ ਨਿਕਲ ਗਿਆ ਸੀ। ਜਦੋਂ ਅਸੀਂ ਜਾ ਕੇ ਦੇਖਿਆ, "ਮੇਰਾ ਬਾਪੂ ...............।"
ਉਸੇ ਦਿਨ ਤੋਂ ਮੇਰੀ ਮਾਂ ਤਾਂ ਮੰਜੇ 'ਤੇ ਹੈ ਆ। ਨਾ ਉਹ ਜਿਉਦਿਆਂ 'ਚ ਨਾ ਮਰਿਆ 'ਚ। ਉਹਨੂੰ ਅੱਜ ਵੀ ਮੇਰੇ ਬਾਪੂ ਦੀ ਉਡੀਕ ਰਹਿੰਦੀ ਐ। ਮੈਂ ਆਪਣੀ ਜੀਭ ਨੂੰ ਕੋਸਦਾ ਰਹਿੰਨਾਂ ਕਿ ਕਿਹੜੇ ਵੇਲੇ ਇਸ ਚੰਦਰੀ ਨੇ ਉਹ ਸ਼ਬਦ ਬੋਲੇ ਕਿ ਛੱਡ ਕੇ ਇਸ ਔਰਤ ਦਾ ਖਹਿੜਾ। ਕਾਲੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਮੈਂ ਆਪਣੇ ਆਪ ਨੂੰ ਮਸਾਂ ਸੰਭਾਲਿਆ।
ਸਾਡੇ ਕੋਲੋਂ ਰੋਟੀ ਲੈ ਕੇ ਲੰਘਦੇ ਲੰਬੜਾਂ ਦੇ ਮੁੰਡੇ ਨੇ ਵਿਅੰਗ ਨਾਲ ਕਿਹਾ, "ਕਿਵੇਂ ਅਫ਼ਸਰਾ, ਅੱਜ ਫਿਰ ਬੱਕਰੀਆਂ ਚਾਰਨ ਦੀ ਡਿਊਟੀ ਲਵਾ ਲਈ।" ਮੈਂ ਇਕ ਦਮ ਕਾਲੇ ਦੇ ਮੂੰਹ ਵੱਲ ਦੇਖਿਆ, "ਜੇ ਬੰਦਾ ਥੋੜ੍ਹਾ ਬਾਹਲਾ ਜਿਉਣਾ ਚਾਹੁੰਦਾ ਹੈ ਤਾਂ ਇਹ ਬੋਲਾਂ ਨਾਲ ਮਾਰ ਦਿੰਦੇ ਆ। ਮੈਨੂੰ ਕੋਈ ਦਿਹਾੜੀ ਤਾਂ ਵੀ ਨ੍ਹੀ ਲਾਉਂਦਾ ਕਿ ਹੁਣ ਤੂੰ ਅਫ਼ਸਰ ਹੀ ਲੱਗੀਂ, ਤੇਰਾ ਪਿਓ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ। ਅਖੈ ਜਾਤ ਦੀ ਕੋਹੜ ਕਿਰਲੀ ਛਤੀਰਾਂ ਨਾਲ ਜੱਫੇ।" ਕਾਲਾ ਮੈਨੂੰ ਚੁੱਪ ਚਾਪ ਸੁਣਦਾ ਰਿਹਾ।
"ਕਾਲਿਆ ਇੱਕ ਗੱਲ ਦੱਸ ਗਰੀਬ ਹੋਣਾ ਗੁਨਾਹ ਏ ਕਿ ਸਜ਼ਾ ? ਗਰੀਬ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ? ਯਾਰ ਅਸੀਂ ਵੱਡੇ ਲੋਕਾਂ ਦੇ ਸਾਰੇ ਕੰਮ ਕਰਦੇ ਆਂ, ਉਹ ਇਨ੍ਹਾਂ ਨੂੰ ਅਛੂਤ ਨ੍ਹੀ ਲੱਗਦੇ। ਸਾਡੇ ਹੱਥਾਂ ਦੀ ਬਣੀ ਰੋਟੀ ਖਾ ਲੈਂਦੇ ਆ, ਸਾਡਾ ਚੋਂਇਆ ਦੁੱਧ ਪੀ ਲੈਂਦੇ ਆ, ਸਾਡੇ ਬਣਾਏ ਮਕਾਨਾਂ ਵਿਚ ਐਸ਼ ਨਾਲ ਰਹਿ ਲੈਂਦੇ ਆ, ਸਭ ਤੋਂ ਵੱਡੀ ਗੱਲ, ਸਾਡੇ ਕੀਤੇ ਕੰਮਾਂ ਦੀ ਕਮਾਈ ਸਾਂਭ ਕੇ ਉਸ ਨਾਲ ਅਯਾਸ਼ੀ ਕਰਦੇ ਆ, ਉਹ ਅਛੂਤ ਨ੍ਹੀ ਲੱਗਦੀ।"
"ਨਹੀਂ, ਉਹ ਕੁਝ ਵੀ ਅਛੂਤ ਨਹੀਂ, ਸਿਵਾਏ ਬੰਦੇ ਦੇ।" ਕਾਲੇ ਨੇ ਬੜੇ ਹੀ ਸਹਿਜ ਨਾਲ਼ ਉੱਤਰ ਦਿੱਤਾ। ਕਾਲਾ ਫਿਰ ਬੋਲਿਆ, "ਯਾਰ ਕੰਮ ਸਾਡੇ ਚੰਗੇ ਤੇ ਬੰਦੇ ਅਸੀਂ ਮੰਦੇ, ਬਸ ਗੱਲ ਖ਼ਤਮ। ਜੇ ਕੰਮਾਂ ਦੇ ਨਾਲ ਅਸੀਂ ਵੀ ਇੰਨਾ ਨੂੰ ਪਸੰਦ ਆ ਗਏ ਤਾਂ ਸਾਨੂੰ ਆਪਣੇ ਬਰਾਬਰ ਨ੍ਹੀ ਬਿਠਾਉਣਾ ਪਊ। ਸਾਡੇ ਪ੍ਰਤੀ ਨਫਰਤ ਪੀੜ੍ਹੀ-ਦਰ-ਪੀੜ੍ਹੀ ਭਰੀ ਜਾਂਦੇ ਆ। ਬਾਕੀ ਬਾਈ ਤੂੰ ਅਫ਼ਸਰ ਵੀ ਲੱਗ ਜਾਂਦਾ ਨਾ, ਜਾਤ ਨੇ ਫੇਰ ਵੀ ਪਿੱਛਾ ਨ੍ਹੀ ਸੀ ਛੱਡਣਾ।"
ਕਾਲੇ ਦੇ ਸ਼ਬਦਾਂ ਵਿੱਚੋਂ ਮੈਨੂੰ ਮੇਰੇ ਨਾਲ ਹਮਦਰਦੀ ਜਾਪੀ। ਉਹ ਵੀ ਮੇਰੇ ਵਾਂਗ ਗਰੀਬੀ ਦਾ ਸਤਾਇਆ ਹੋਇਆ ਸੀ। ਅੱਜ ਮੈਂ ਕਾਲੇ ਨੂੰ ਆਪਣਾ ਦੁੱਖ ਸੁਣਾ ਕੇ ਆਪਣੇ ਮਨ ਨੂੰ ਤਸੱਲੀ ਜਿਹੀ ਦੇ ਲਈ। ਉਹਨੂੰ ਘਰ ਦੇ ਹਾਲਾਤਾਂ ਦਾ ਤਾਂ ਪਹਿਲਾਂ ਵੀ ਪਤਾ ਈ ਆ।
ਕਾਲਾ ਮੈਨੂੰ ਹੌਂਸਲਾ ਦਿੰਦਿਆਂ ਕਹਿੰਦਾ। "ਲੈ ਇਹ ਕਿੱਡੀ ਕੁ ਗੱਲ ਐ। ਆਪਾਂ ਰਲ ਮਿਲ ਕੇ ਕੰਮ ਕਰ ਲੈਨੇ ਆਂ। ਆਪਾਂ ਹੀ ਇੱਕ-ਦੂਜੇ ਦੀ ਬਾਂਹ ਫੜਨੀ ਆਂ। ਹੋਰ ਕਿਹੜਾ ਧਨਾਢਾਂ ਨੇ ਸਾਡੇ ਮੋਢੇ ਥਾਪੜਨੇ ਆਂ।"
ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਕਾਲੇ ਕੋਲ ਐਨੀ ਦੌਲਤ ਆ ਕਿ ਉਹ ਸਾਰੀ ਦੁਨੀਆਂ ਨੂੰ ਰਜਾ ਦੇਵੇ। ਮੈਂ ਆਪਣੇ ਆਪ ਨੂੰ ਸਵਾਲ ਕੀਤਾ, "ਗਰੀਬ ਬੰਦਾ ਏਨ੍ਹਾਂ ਦਰਿਆ ਦਿਲ ਕਿਵੇਂ ਹੁੰਦਾ।"
"ਤੂੰ ਟੈਂਸਨ ਨਾ ਲਵੀਂ। ਚੱਲ ਡੱਬੀ ਚੋਈਏ ਤੇ ਦੁੱਧ ਪੱਤੀ ਪੀਏ।" ਅਸੀਂ ਤਿੰਨ ਇੱਟਾਂ ਧਰ ਚੁੱਲ੍ਹਾ ਬਣਾ ਲਿਆ ਤੇ ਕੱਖ ਕੱਠੇ ਕਰ ਕੇ ਅੱਗ ਬਾਲ ਲਈ। ਦਸ ਕੁ ਮਿੰਟਾਂ 'ਚ ਚਾਹ ਬਣ ਗਈ। ਝੋਲੇ 'ਚੋ ਉਹਨੇ ਪੰਜ-ਛੇ ਰੋਟੀਆਂ ਕੱਢੀਆਂ ਤੇ ਨਾਲ ਰੱਖੇ ਮੁੰਡੇ ਨੂੰ ਆਵਾਜ਼ ਮਾਰੀ। ਅਸੀਂ ਤਿੰਨਾਂ ਨੇ ਬੜੇ ਸੁਆਦ ਨਾਲ਼ ਅਚਾਰ ਨਾਲ਼ ਰੋਟੀ ਖਾਧੀ ਤੇ ਮਗਰੋਂ ਚਾਹ ਪੀਤੀ। ਤੇ ਜੋ ਸੁਆਦ ਆਇਆ, ਉਹ ਕਿਸੇ ਵੀ ਪਕਵਾਨ 'ਚ ਨਹੀਂ ਹੋਣਾ।
ਕਾਲਾ ਮੇਰੇ ਨਾਲ ਹੱਸ-ਹੱਸ ਗੱਲਾਂ ਕਰਦਾ ਰਿਹਾ। ਗਰਮੀ ਵੀ ਹੋ ਗਈ ਸੀ ਤੇ ਬੱਕਰੀਆਂ ਵੀ ਰੱਜ ਗਈਆਂ ਸਨ। ਕਾਲੇ ਦੀਆਂ ਬੱਕਰੀਆਂ ਵੀ ਮੈਨੂੰ ਸਬਰ ਵਾਲੀਆਂ ਹੀ ਲੱਗੀਆਂ। ਅਸੀਂ ਉਹਨਾਂ ਨੂੰ ਇਕੱਠੀਆਂ ਕਰਕੇ ਵਾਪਸ ਪਿੰਡ ਲਿਆਉਣ ਲੱਗੇ। ਬੱਕਰੀਆਂ ਨੂੰ ਪਾਣੀ ਪਿਲਾਉਣ ਲਈ ਅਸੀਂ ਇਕ ਖੇਤ ਦੀ ਖਾਲ ਕੋਲ ਲੈ ਗਏ। ਬੱਕਰੀਆਂ ਨੇ ਭੱਜ ਕੇ ਖਾਲ ਵਿਚੋਂ ਪਾਣੀ ਪੀਤਾ। ਵਾਪਸ ਪਰਤੀਆਂ। ਦਸ ਕੁ ਕਦਮਾਂ ਤੇ ਹੀ ਇੱਕ ਬੱਕਰੀ ਲੜਖੜਾ ਜਿਹੀ ਗਈ। ਕਾਲੇ ਨੇ ਭੱਜ ਕੇ ਉਹਨੂੰ ਆਪਣੀ ਗੋਦ ਵਿਚ ਕਰ ਲਿਆ। ਉਹ ਲਗਾਤਾਰ ਮੈਂ ਮੈਂ ....... ਕਰਨ ਲੱਗੀ। ਫਿਰ ਦੂਜੀਆਂ ਬੱਕਰੀਆਂ ਵੀ ਮੈਂ ਮੈਂ ...... ਕਰਨ ਲੱਗੀਆਂ। ਉਹਨਾਂ ਦੀ ਆਵਾਜ਼ ਉੱਚੀ, ਹੋਰ ਉੱਚੀ ਤੇ ਹੋਰ ਉੱਚੀ ਹੁੰਦੀ ਜਾ ਰਹੀ ਸੀ। ਇਕ ਤੋਂ ਬਾਅਦ ਇਕ ਬੱਕਰੀਆਂ ਡਿੱਗਣ ਲੱਗੀਆਂ। ਕਾਲਾ ਕਦੇ ਕਿਸੇ ਬੱਕਰੀ ਵੱਲ ਦੌੜਦਾ ਤੇ ਕਦੇ ਕਿਸੇ ਬੱਕਰੀ ਵੱਲ। ਬੱਕਰੀਆਂ ਨਾਲੋਂ ਵੀ ਵੱਧ ਕਾਲੇ ਦੀਆਂ ਧਾਹਾਂ ਨਿਕਲ ਰਹੀਆਂ ਸਨ। ਮੈਂ ਤਾਂ ਡੌਰ ਭੌਰਾ ਹੋ ਗਿਆ ਸੀ। ਇਹ ਵਾਪਰ ਕੀ ਗਿਆ ? ਦੂਸਰਾ ਮੁੰਡਾ ਵੀ ਵਿਚਾਰਾ ਭੱਜਿਆ ਫਿਰਦਾ ਸੀ। ਉਹ ਭੱਜ ਕੇ ਖਾਲ ਵੱਲ ਗਿਆ। ਉੱਥੇ ਖਾਲ ਦੇ ਸ਼ੁਰੂ ਵਿਚ ਹੀ ਦਵਾਈ ਵਾਲੀਆਂ ਸ਼ੀਸ਼ੀਆਂ ਸੁੱਟੀਆਂ ਪਈਆਂ ਸਨ ਤੇ ਜ਼ਹਿਰ ਪਾਣੀ ਵਿਚ ਘੁੱਲ ਗਿਆ ਸੀ। ਉਹਨੇ ਜਦੋਂ ਆ ਕੇ ਸਾਨੂੰ ਦੱਸਿਆ--- ਮੈਂ ਵੀ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਭ ਖ਼ਤਮ ਹੋ ਗਿਆ ਸੀ ਤੇ ਮੈਂ ਛਾਤੀ ਪਿੱਟ-ਪਿੱਟ ਕੇ ਕਹਿ ਰਿਹਾ ਸੀ। "ਏਦਾਂ ਕਿਉਂ ? ਇਹ ਸਾਡੇ ਨਾਲ਼ ਹੀ ਕਿਉਂ ਹੁੰਦਾ ਹੈ ? ਇਹ ਜ਼ਹਿਰ ਕਿਸੇ ਨੂੰ ਨਫ਼ਾ ਦੇ ਰਿਹੈ ਤੇ ਕਿਸੇ ਨੂੰ ਤਬਾਹ ਕਰ ਰਿਹੈ। ਇਹ ਦੁਨੀਆਂ ਭਰ ਦੇ ਜ਼ਹਿਰ ਸਾਡੇ ਲਈ ਹੀ ਕਿਉਂ ਨੇ ?" ਤੇ ਬੱਕਰੀਆਂ ਦੀਆਂ ਖੁੱਲ੍ਹੀਆਂ ਅੱਖਾਂ ਸਾਨੂੰ ਸੁਆਲ ਕਰ ਰਹੀਆਂ ਸਨ, "ਬੰਦਿਆ ਸਾਡਾ ਕੀ ਕਸੂਰ ਐ ?" ਤੇ ਕਾਲਾ, ਕਾਲਾ ਤਾਂ ਵਿਚਾਰਾ ਜੋ ਆਪਣੀਆਂ ਖੁਸ਼ੀਆਂ ਦੂਸਰਿਆਂ ਨੂੰ ਵੀ ਦੇਣਾ ਚਾਹੁੰਦਾ ਸੀ। ਖਾਮੋਸ਼ ਹੋ ਗਿਆ ਸੀ ਤੇ ਮੇਰਾ ਬਾਪੂ ਅੱਜ ਇਕ ਵਾਰ ਫੇਰ ਮਰ ਗਿਆ।
ਸੰਦੀਪ ਕੌਰ "ਗ਼ਾਲਿਬ"
ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ।