ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 6 ਜੂਨ ਸ਼ਨਿਵਾਰ ਨੂੰ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮਨਾਈ ਜਾ ਰਹੀ ਹੈ ਜਿਸ ਨੂੰ ਵੇਖਦੇ ਹੋਏ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿਚ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ ਛੇਵੀ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੂਰਬ ਵੀ ਮਨਾਇਆ ਜਾ ਰਿਹਾ ਹੈ। ਉੱਥੇ ਹੀ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1984 ਦੇ ਹਮਲੇ ਨੂੰ ਸਿੱਖ ਮਾਨਸਿਕਤਾ ਉੱਤੇ ਹਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਅਸੀ ਲੈਣ ਲਈ ਤਿਆਰ ਹਨ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਹੈ ਕਿ ”ਅੱਜ ਸਾਕਾ ਨੀਲਾ ਤਾਰਾ ਦੇ ਬਰਸੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਲਈ ਵੱਡੀ ਗਿਣਤੀ ਵਿਚ ਸਿੱਖ ਸੰਗਤ ਨਹੀਂ ਪਹੁੰਚ ਸਕੀ ਹੈ ਪਰ ਜਿੰਨੀ ਵੀ ਸੰਗਤ ਇੱਥੇ ਨਤਮਸਤਕ ਹੋਈ ਹੈ, ਅਸੀ ਉਨ੍ਹਾਂ ਦੇ ਧੰਨਵਾਦੀ ਹਾਂ”। ਉਨ੍ਹਾਂ ਨੇ ਅੱਗੇ ਕਿਹਾ ਕਿ ”6 ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ ਉੱਤੇ ਹਮਲਾ ਸੀ ਜੋ ਕਿ ਹਮੇਸ਼ਾ-ਹਮੇਸ਼ਾ ਤੱਕ ਯਾਦ ਰੱਖਿਆ ਜਾਵੇਗਾ”। ਜੱਥੇਦਾਰ ਨੇ ਅੱਗੇ ਕਿਹਾ ਕਿ ਉਹ ਐਸਜੀਪੀਸੀ ਨੂੰ ਅਪੀਲ ਕਰਨਗੇ ਕਿ 1984 ਦੇ ਘੱਲੂਘਾਰੇ ਸੰਬੰਧੀ ਦਸਤਾਵੇਜ਼ ਤਿਆਰ ਕੀਤਾ ਜਾਵੇ, ਜਿਸ ਵਿਚ ਇਸ ਸਾਕੇ ਨੂੰ ਆਪਣੇ ਹੱਡੀ ਹੰਢਾਉਣ ਵਾਲੇ ਵਿਵਦਵਾਨਾਂ ਦੇ ਬਿਆਨ ਕਲਮਬੰਦ ਕੀਤੇ ਜਾਣ ਅਤੇ ਇਸ ਨੂੰ ਸਾਰੀਆਂ ਭਾਸ਼ਾਵਾਂ ਵਿਚ ਛਿਪਾ ਕੇ ਪੂਰੀ ਦੁਨੀਆ ਵਿਚ ਵੰਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ”ਜੇਕਰ ਨੋਜਵਾਨ ਸਮਾਗਮ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹਨ ਤਾਂ ਇਹ ਗਲਤ ਨਹੀਂ ਹੈ ਪਰ ਸਮਾਗਮ ਦੌਰਾਨ ਨਾਅਰੇ ਲਗਾ ਕੇ ਵਿਘਨ ਪਾਉਣਾ ਗਲਤ ਹੈ”। ਜੱਥੇਦਾਰ ਅਨੁਸਾਰ ਭਾਰਤ ਸਰਕਾਰ ਦੇ ਪੇਸ਼ਕਾਰੀ ਅੱਜ ਵੀ ਸਿੱਖ ਵਿਰੋਧੀ ਹੈ। ਖਾਲਿਸਤਾਨ ਦੀ ਮੰਗ ਕਰਨ ਵਾਲੇ ਸਵਾਲ ਉੱਥੇ ਜੱਥੇਦਾਰ ਨੇ ਕਿਹਾ ਕਿ ”ਦੁਨੀਆ ਭਰ ਵਿਚ ਅਜਿਹਾ ਕੋਈ ਸਿੱਖ ਨਹੀਂ, ਜਿਹੜਾ ਇਸ ਦੀ ਇੱਛਾ ਨਹੀਂ ਰੱਖਦਾ ਹੈ ਜੇਕਰ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਅਸੀ ਲੈਣ ਨੂੰ ਤਿਆਰ ਹਨ”।
