ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਸਾਲ ਪਹਿਲਾਂ, ਦੁਸਹਿਰੇ ‘ਤੇ ਜੌੜਾ ਫਾਟਕ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਸੋਮਵਾਰ ਨੂੰ ਭੰਡਾਰੀ ਪੁਲ ‘ਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ‘ਚ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕੀਤਾ। ਮ੍ਰਿਤਕਾਂ ਦੇ ਰਿਸ਼ਤੇਦਾਰ ਹੱਥਾਂ ਵਿੱਚ ਬੈਨਰ ਚੁੱਕ ਇਨਸਾਫ ਦੀ ਮੰਗ ਕਰ ਰਹੇ ਸਨ। ਪੀੜ੍ਹਤ ਪਰਿਵਾਰਾਂ ਨੇ ਕਿਹਾ ਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਸਮੇਂ ਦੇ ਮੰਤਰੀ ਨਵਜੋਤ ਸਿੱਧੂ ਵੱਲੋਂ ਹਾਦਸੇ ਤੋਂ ਬਾਅਦ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਸਿੱਧੂ ਨੇ ਵਾਅਦਾ ਕੀਤਾ ਸੀ ਕਿ, ਪੀੜਿਤ ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਨਗਰ ਨਿਗਮ ਵਿੱਚ ਨੌਕਰੀ ਦਿੱਤੀ ਜਾਵੇਗੀ। ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੀ ਸਿੱਖਿਆ ਦਾ ਖਰਚਾ ਪੰਜਾਬ ਸਰਕਾਰ ਕਰੇਗੀ। ਸਿੱਧੂ ਨੇ ਕੁਝ ਪਰਿਵਾਰਾਂ ਤੋਂ ਬੱਚਿਆਂ ਨੂੰ ਗੋਦ ਲੈਣ ਦਾ ਵਾਅਦਾ ਵੀ ਕੀਤਾ ਸੀ, ਪਰ ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ। ਧਰਨੇ ਵਿੱਚ ਬੈਠੇ ਲੋਕ ਉਹ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ, ਪਰ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਪੰਜ ਲੱਖ ਦੀ ਸਹਾਇਤਾ ਪ੍ਰਾਪਤ ਹਲੇ ਤੱਕ ਨਹੀਂ ਕਰ ਸਕੇ।
ਰੋਸ ਪ੍ਰਦਰਸ਼ਨ ‘ਤੇ ਬੈਠੇ ਰਾਜੇਸ਼ ਕੁਮਾਰ ਨੇ ਦੱਸਿਆ ਕਿ, ਇਸ ਹਾਦਸੇ ਵਿੱਚ ਉਸ ਦਾ ਪਿਤਾ ਬਲਦੇਵ ਰਾਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਉਸ ਦਾ ਇਕ ਨਿੱਜੀ ਹਸਪਤਾਲ ਵਿੱਚ ਲੰਬੇ ਸਮੇਂ ਤੱਕ ਇਲਾਜ ਚਲਿਆ। ਚਾਰ ਮਹੀਨਿਆਂ ਬਾਅਦ ਉਸਦੀ ਮੌਤ ਹੋ ਗਈ, ਪਰ ਪਰਿਵਾਰ ਨੂੰ ਅਜੇ ਤੱਕ ਇਕ ਵੀ ਪੈਸੇ ਦੀ ਸਹਾਇਤਾ ਸਰਕਾਰ ਵਲੋਂ ਨਹੀਂ ਮਿਲੀ ਹੈ। ਹੜਤਾਲ ਦੀ ਅਗਵਾਈ ਕਰ ਰਹੇ ਪੀੜਿਤ ਪਰਿਵਾਰ ਦੇ ਇੱਕ ਨੌਜਵਾਨ ਸੁਰਿੰਦਰ ਕੁਮਾਰ ਦਾ ਕਹਿਣਾ ਕਿ, ਪਿਛਲੀ ਬਾਰ ਜਦੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਐਸਡੀਐਮ ਦੇ ਭਰੋਸਾ ਦਿਵਾਉਂਣ ਤੋਂ ਬਾਅਦ ਇਹ ਧਰਨਾ ਚੁੱਕ ਲਿਆ ਗਿਆ ਸੀ, ਕਿਉਂ ਕਿ, ਐਸਡੀਐਮ ਨੇ ਵਿਸ਼ਵਾਸ ਦਿਵਾਇਆ ਸੀ ਕਿ, 22 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ।
ਨਿਸ਼ਚਿਤ ਤਾਰੀਖ ਖਤਮ ਹੋਣ ਤੋਂ ਬਾਅਦ, ਜਦੋਂ ਉਹ ਦੁਬਾਰਾ ਐਸਡੀਐਮ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ, ਤੁਹਾਨੂੰ ਇਸ ਗੱਲ ਦਾ ਸਬੂਤ ਲਿਆਉਣਾ ਚਾਹੀਦਾ ਹੈ ਕਿ ਤੁਹਾਨੂੰ ਕਿਸ ਨੇ ਨੌਕਰੀ ਦਾ ਵਾਅਦਾ ਕੀਤਾ ਸੀ। ਸਿੱਧੂ ਦੇ ਬਿਆਨ ਜਦੋਂ ਮੀਡੀਆ ਵਿੱਚ ਪ੍ਰਕਾਸ਼ਤ ਹੋਏ ਤਾਂ ਐਸਡੀਐਮ ਨੇ ਆਖੇ ਬੋਲ ਬਦਲ ਦਿਆਂ ਕਿਹਾ ਕਿ ਤੁਹਾਨੂੰ ਨੌਕਰੀ ਦੇਣ ਲਈ ਇਕ ਕੈਂਪ ਲਗਾਇਆ ਜਾ ਰਿਹਾ ਹੈ, ਜਦੋਂਕਿ ਸਰਕਾਰ ਨੇ ਅਜੇ ਤੱਕ ਕੋਈ ਅਜਿਹਾ ਕੈਂਪ ਨਹੀਂ ਲਗਾਇਆ ਹੈ।
ਇਸ ਤੋਂ ਬਾਅਦ, ਪੀੜਿਤ ਪਰਿਵਾਰਾਂ ਨੂੰ ਦੱਸਿਆ ਗਿਆ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਰੁਝੇਵਿਆਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਹੈ। ਹੁਣ ਤਾਂ ਪ੍ਰਕਾਸ਼ ਦਿਹਾੜੇ ਦੇ ਜਸ਼ਨਾਂ ਨੂੰ ਵੀ ਇਕ ਮਹੀਨਾ ਹੋ ਗਿਆ ਹੈ, ਪਰ ਸਰਕਾਰ ਦਾ ਉਨ੍ਹਾਂ ‘ਤੇ ਕੋਈ ਧਿਆਨ ਨਹੀਂ ਹੈ। ਉਸ ਤੋਂ ਬਾਅਦ ਅਧਿਕਾਰੀਆਂ ਨੇ 3 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ, ਜੋ ਲੰਘ ਚੁੱਕੀ ਹੈ ਪਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਇਸ ਲਈ, ਉਨ੍ਹਾਂ ਨੇ ਹੁਣ ਫੈਸਲਾ ਲਿਆ ਹੈ ਕਿ ਜਦੋਂ ਤੱਕ ਨੌਕਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਸਿੱਧੂ ਨੇ ਆਪਣਾ ਵਾਅਦਾ ਨਹੀਂ ਕੀਤਾ ਪੂਰਾ
ਇਸ ਸਮੇਂ ਦੌਰਾਨ ਧਰਨੇ ਵਿੱਚ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ, ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਦਰਮਿਆਨ ਹੋਏ ਰਾਜਸੀ ਝਗੜੇ ਕਾਰਨ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ। ਲੋਕਾਂ ਦਾ ਕਹਿਣਾ ਹੈ ਕਿ, ਦੋਵਾਂ ਨੂੰ ਆਪਣਾ ਝਗੜਾ ਰਾਜਨੀਤੀ ਤੱਕ ਸੀਮਤ ਰੱਖਣਾ ਚਾਹੀਦਾ ਹੈ। ਇਸ ਦਾ ਉਨ੍ਹਾਂ ਨਾਲ ਕੀਤੇ ਵਾਅਦੇ ‘ਤੇ ਅਸਰ ਨਹੀਂ ਹੋਣਾ ਚਾਹੀਦਾ ਹੈ।
ਉਨ੍ਹਾਂ ਗੁਰੂਨਗਰੀ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ, ਉਹ ਉਨ੍ਹਾਂ ਦਾ ਸਮਰਥਨ ਕਰਨ ਤਾਂ ਜੋ ਸਰਕਾਰ ਮੰਗਾਂ ਮੰਨਣ ਲਈ ਮਜਬੂਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ, ਨਵਜੋਤ ਸਿੱਧੂ ਨੇ ਹਰੇਕ ਪਰਿਵਾਰ ਨੂੰ ਮਹੀਨੇਵਾਰ ਰਾਸ਼ਨ ਦੇਣ ਅਤੇ ਬੱਚਿਆਂ ਨੂੰ ਗੋਦ ਲੈਣ ਦਾ ਵਾਅਦਾ ਕੀਤਾ ਸੀ, ਪਰ ਦੁਖੀ ਪਰਿਵਾਰਾਂ ਦੀ ਹਲੇ ਤੱਕ ਸਾਰ ਨਹੀਂ ਲਈ।


