LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗ੍ਰੰਥੀ ਸਿੰਘ ਦੀ 13 ਸਾਲਾ ਮਾਸੂਮ ਧੀ ਨਾਲ ਚਾਰ ਬਦਮਾਸ਼ਾਂ ਨੇ ਕੀਤਾ ਜਬਰ-ਜਨਾਹ, ਗੁਰੂ ਘਰ ਬਾਹਰੋਂ ਕੀਤਾ ਅਗਵਾ

case up

National News : ਗੁਰੂਘਰ ਦੇ ਗ੍ਰੰਥੀ ਦੀ ਮਹਿਜ 13 ਸਾਲਾ ਮਾਸੂਮ ਧੀ ਨਾਲ ਚਾਰ ਬਦਮਾਸ਼ਾਂ ਨੇ ਦਰਿੰਦਗੀ ਭਰੀ ਵਾਰਦਾਤ ਕਰ ਦਿੱਤੀ। ਗੁਰੂ ਘਰ ਦੇ ਵਜ਼ੀਰ ਦੀ ਬੱਚੀ ਨੂੰ ਗੁਰਦੁਆਰਾ ਸਾਹਿਬ ਦੇ ਮੂਹਰਿਓਂ ਕਾਰ ਸਵਾਰ ਚਾਰ ਬਦਮਾਸ਼ਾਂ ਨੇ ਅਗ਼ਵਾ ਕਰ ਲਿਆ ਤੇ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਵਾਪਰਨ ਦੇ ਇਕ ਮਹੀਨਾ ਬੀਤਣ ਦੇ ਬਾਵਜੂਦ ਪੁਲਿਸ ਨੇ ਕਾਰਵਾਈ ਨਾ ਕੀਤੀ, ਜਿਸ ਕਾਰਨ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪੀੜਤ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਯੂਪੀ ਦੇ ਜ਼ਿਲ੍ਹਾ ਪੀਲੀਭੀਤ ਦੀ ਤਹਿਸੀਲ ਪੂਰਨਪੁਰ ਦੇ ਪਿੰਡ ਪਿਪਰੀਆ ਮਜਰਾ ਦੇ ਗੁਰਦਵਾਰਾ ਸਾਹਿਬ ਵਿਚ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਭਾਰਤੀ ਸਿੱਖ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੇ ਅੱਗਿਓਂ 28 ਅਪ੍ਰੈਲ ਨੂੰ ਬਦਮਾਸ਼ਾਂ ਵਲੋਂ ਗ੍ਰੰਥੀ ਦੀ ਧੀ ਨੂੰ ਕਾਰ ਵਿਚ ਅਗ਼ਵਾ ਕੀਤਾ ਗਿਆ। ਲੜਕੀ ਦੇ ਪਿਤਾ ਦੇ ਪੁਲਿਸ ਥਾਣਿਆਂ ਅਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵਾਰ-ਵਾਰ ਇਨਸਾਫ਼ ਲਈ ਗੇੜੇ ਮਾਰਨ ਤੋਂ ਬਾਅਦ ਮਾਮਲਾ ਦਰਜ ਹੋਇਆ। ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਅਦਾਲਤ ਵਿਚ ਧਾਰਾ 164 ਤਹਿਤ ਹੋਏ ਬਿਆਨਾਂ ਵਿਚ ਲੜਕੀ ਨੇ ਚਾਰ ਬਦਮਾਸ਼ ਲੜਕਿਆਂ ਦਾ ਬਕਾਇਦਾ ਨਾਮ ਲੈ ਦਿੱਤਾ ਪਰ ਹੁਣ ਉਥੋਂ ਦੀ ਪੁਲਿਸ ਉਲਟਾ ਲੜਕੀ ਦੇ ਪਿਤਾ ਨੂੰ ਡਰਾ-ਧਮਕਾ ਕੇ ਮਾਮਲਾ ਦਬਾਉਣਾ ਚਾਹੁੰਦੀ ਹੈ।
ਵਿਰਕ ਨੇ ਸਾਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਮੇਤ ਮਨਜੀਤ ਸਿੰਘ ਜੀਕੇ ਦੇ ਧਿਆਨ ਵਿਚ ਲਿਆਂਦਾ ਤਾਂ ਸੱਚਖੰਡ ਸੇਵਾ ਸੁਸਾਇਟੀ ਦਿੱਲੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਖ਼ੁਦ ਲੜਕੀ ਦੇ ਪਿਤਾ ਅਤੇ ਜਸਬੀਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ। ਉਨ੍ਹਾਂ ਆਖਿਆ ਕਿ ਜ਼ਮੀਨ/ਜਾਇਦਾਦ ਦਾ ਵਿਵਾਦ ਵਖਰੀ ਗੱਲ ਮੰਨੀ ਜਾ ਸਕਦੀ ਹੈ ਪਰ ਗੁਰੂ ਘਰ ਦੇ ਵਜ਼ੀਰ ਦੀ ਨਾਬਾਲਗ਼ ਬੇਟੀ ਨਾਲ ਪੱਤ ਲੁੱਟਣ ਵਾਲੀ ਬਦਮਾਸ਼ੀ ਬਰਦਾਸ਼ਤ ਤੋਂ ਬਾਹਰ ਹੈ।
ਜਸਬੀਰ ਸਿੰਘ ਵਿਰਕ ਅਤੇ ਹਰਮੀਤ ਸਿੰਘ ਪਿੰਕਾ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਕਤ ਬਦਮਾਸ਼ ਲੜਕਿਆਂ ਵਿਰੁਧ ਕਾਰਵਾਈ ਕਰ ਕੇ ਪੀੜਤ ਨੂੰ ਇਨਸਾਫ਼ ਨਾ ਦਿਵਾਇਆ ਗਿਆ ਤਾਂ ਦੇਸ਼ ਭਰ ਦੇ ਸਿੱਖ ਚਿੰਤਕ, ਪੰਥਕ ਵਿਦਵਾਨ, ਪੰਥਦਰਦੀ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪੀਲੀਭੀਤ ਦੇ ਐਸਐਸਪੀ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਉਥੋਂ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ।

ਜਥੇਦਾਰ ਰਘਬੀਰ ਸਿੰਘ ਨੇ ਯੂਪੀ ਸਰਕਾਰ ਨੂੰ ਦਿੱਤਾ ਅਲਟੀਮੇਟਮ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੁਲਿਸ ਦੀ ਢਿੱਲਮੱਠ ’ਤੇ ਸਖ਼ਤ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ ਜੇਕਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੂੰ ਆਪਣੇ ਪੱਧਰ ’ਤੇ ਵੱਡੀ ਤੇ ਸਖ਼ਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ।

In The Market