ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਦਿਨੀ ਰਾਜਧਾਨੀ ਦਿੱਲੀ ਵਿਚ ਸੀਏਏ ਨੂੰ ਲੈ ਕੇ ਦੋ ਗੁੱਟਾਂ ‘ਚ ਜਮ ਕੇ ਹਿੰਸਾ ਹੋਈ ਸੀ। ਉੱਤਰ-ਪੂਰਬੀ ਦਿੱਲੀ ਵਿਚ ਕਈ ਵਾਹਨ, ਘਰ ਅਤੇ ਇਕ ਪੈਟਰੋਲ ਪੰਪ ਅੱਗ ਦੇ ਹਵਾਲੇ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਅੱਜ ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਬਰ ਗੌਤਮ ਗੰਭੀਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਹੈ ਕਿ ਜਿਸ ਨੇ ਵੀ ਇਸ ਭੀੜ ਨੂੰ ਭੜਕਾ ਕੇ ਹਿੰਸਾ ਲਈ ਕਿਹਾ ਹੈ ਉਸ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਵਿਅਕਤੀ ਕਿਸੇ ਵੀ ਪਾਰਟੀ ਨਾਲ ਹੀ ਕਿਉਂ ਨਾ ਸਬੰਧ ਰੱਖਦਾ ਹੋਵੇ।
ਦਰਅਸਲ ਪਿਛਲੇ ਦਿਨੀਂ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਮੁਸਲਿਮ ਔਰਤਾਂ ਸੀਏਏ ਵਿਰੁੱਧ ਡਟ ਕੇ ਬੈਠ ਗਈਆਂ ਸਨ ਜਿਸ ਨੂੰ ਲੈ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਆਪਣੇ ਸਮੱਰਥਕਾ ਸਮੇਤ ਮੈਟਰੋ ਸਟੇਸ਼ਨ ਸਾਹਮਣੇ ਮੌਜਪੂਰ ਚੌਕ ਉੱਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਸੀ ਕਿ ਦਿੱਲੀ ਪੁਲਿਸ ਤਿੰਨ ਦਿਨਾਂ ਅੰਦਰ ਇਸ ਰਸਤੇ ਨੂੰ ਖਾਲ੍ਹੀ ਕਰਵਾਏ ਜੇਕਰ ਇਹ ਰਸਤਾ ਖਾਲੀ ਨਾ ਹੋਇਆ ਤਾਂ ਉਹ ਸੜਕਾਂ ਉੱਤੇ ਉਤਰਨਗੇ ਅਤੇ ਫਿਰ ਪੁਲਿਸ ਦੀ ਵੀ ਨਹੀਂ ਸੁਨਣਗੇ ਅਤੇ ਇਸ ਤੋਂ ਬਾਅਦ ਬੀਤੇ ਕੱਲ੍ਹ ਸੀਏਏ ਦੇ ਸਮੱਰਥਨ ਅਤੇ ਸੀਏਏ ਦਾ ਵਿਰੋਧ ਕਰ ਰਹੇ ਲੋਕਾਂ ਵਿਚ ਝੜਪ ਹੋ ਗਈ।
ਦੋਵਾਂ ਵਿਚਾਲੇ ਜਮ ਕੇ ਪੱਥਰਬਾਜੀ ਹੋਈ। ਇਕ ਵਿਅਕਤੀ ਸ਼ਰੇਆਮ ਪਿਸਟਲ ਰਾਹੀਂ ਫਾਇਰਿੰਗ ਕਰਦਾ ਵਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਇਸ ਹਿੰਸਾਂ ਵਿਚ ਕੁੱਲ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਸ ਵਿਚ ਇਕ ਦਿੱਲੀ ਪੁਲਿਸ ਦਾ ਜਵਾਨ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਉੱਥੋਂ ਦੇ ਡੀਸੀਪੀ ਅਮਿਤ ਸ਼ਰਮਾ ਵੀ ਜਖਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਹੀ ਹਾਲਚਾਲ ਪੁੱਛਣ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਪੱਟਪੜਗੰਜ ਦੇ ਹਸਪਤਾਲ ਵਿਚ ਪਹੁੰਚੇ ਸਨ। ਉਨ੍ਹਾਂ ਇਸ ਮੌਕੇ ਕਿਹਾ ਕਿ ਹਿੰਸਾ ਨੂੰ ਭੜਕਾਉਣ ਲਈ ਜਿਸ ਨੇ ਵੀ ਭੜਕਾਊ ਭਾਸ਼ਣ ਦਿੱਤਾ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਇਸ ਨਾਲ ਕੋਈ ਫਰਕ ਨਹੀਂ ਪੈਦਾ ਹੈ ਕਿ ਉਹ ਵਿਅਕਤੀ ਕੌਣ ਹੈ ਚਾਹੇ ਉਹ ਕਪਿਲ ਮਿਸ਼ਰਾ ਹੋਵੇ ਜਾ ਕੋਈ ਹੋਰ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਉਸ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਉੱਤਰ-ਪੂਰਬੀ ਦਿੱਲੀ ਵਿਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਕਈ ਥਾਵਾਂ ਉੱਤੇ ਧਾਰਾ-144 ਲਾਗੂ ਕਰ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ ਵਿਚ ਪੈਰਾਮਿਲਟਰੀ ਫੋਰਸ ਸਮੇਤ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।



