ਅਜਨਾਲਾ : ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਸਥਿਤ ‘ਪਨਗ੍ਰੇਨ’ ਦੇ ਸਰਕਾਰੀ ਗੁਦਾਮ ਵਿੱਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਰੀਬ 15 ਲੁਟੇਰਿਆਂ ਨੇ ਗੋਦਾਮ ਵਿੱਚ ਤਾਇਨਾਤ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਆਟਾ-ਦਾਲ ਸਕੀਮ ਤਹਿਤ ਵੰਡੀ ਜਾਣ ਵਾਲੀ ਕਣਕ ਦੇ 400 ਦੇ ਕਰੀਬ ਤੋੜੇ (ਬੋਰਿਆਂ) ਅਤੇ ਉੱਥੇ ਖੜ੍ਹਾ ਇੱਕ ਟਰੱਕ ਲੁੱਟ ਕੇ ਰਫ਼ੂ-ਚੱਕਰ ਹੋ ਗਏ। ਇਸ ਹਾਈ-ਪ੍ਰੋਫਾਈਲ ਲੁੱਟ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ ਹੈ।
ਬਿਜਲੀ ਬੰਦ ਕਰਕੇ ਅੰਦਰ ਵੜੇ ਲੁਟੇਰੇ
ਘਟਨਾ ਦੀ ਆਪਬੀਤੀ ਦੱਸਦਿਆਂ ਗੋਦਾਮ ਦੇ ਚੌਕੀਦਾਰ ਨੇ ਨਵਾਂ ਖ਼ੁਲਾਸਾ ਕੀਤਾ ਕਿ ਦੇਰ ਰਾਤ ਅਚਾਨਕ ਗੋਦਾਮ ਦੀ ਬਿਜਲੀ ਗੁੱਲ ਹੋ ਗਈ। ਜਦੋਂ ਉਹ ਲਾਈਟ ਚੈੱਕ ਕਰਨ ਲਈ ਬਾਹਰ ਨਿਕਲਿਆ, ਤਾਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ। ਅਪਰਾਧੀ ਉਸ ਨੂੰ ਖਿੱਚ ਕੇ ਕਮਰੇ ਵਿੱਚ ਲੈ ਗਏ, ਜਿੱਥੇ ਬਾਕੀ ਚੌਕੀਦਾਰਾਂ ਨੂੰ ਵੀ ਹਥਿਆਰਾਂ ਦੀ ਨੋਕ ‘ਤੇ ਬੰਧਕ ਬਣਾ ਲਿਆ ਗਿਆ। ਲੁਟੇਰਿਆਂ ਨੇ ਸਾਰਿਆਂ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਰੌਲਾ ਪਾਇਆ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਦੂਜੇ ਟਰੱਕਾਂ ‘ਚੋਂ ਡੀਜ਼ਲ ਕੱਢ ਕੇ ਵਾਰਦਾਤ ਵਾਲੇ ਟਰੱਕ ਵਿੱਚ ਪਾਇਆ
ਟਰੱਕ ਮਾਲਕ ਅਤੇ ਪਨਗ੍ਰੇਨ ਦੇ ਅਧਿਕਾਰੀਆਂ ਮੁਤਾਬਕ ਇਹ ਵਾਰਦਾਤ ਰਾਤ 12 ਵਜੇ ਤੋਂ ਬਾਅਦ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ। ਲੁਟੇਰਿਆਂ ਨੇ ਪਹਿਲਾਂ ਗੋਦਾਮ ਵਿੱਚ ਖੜ੍ਹੇ ਹੋਰ ਟਰੱਕਾਂ ਵਿੱਚੋਂ ਡੀਜ਼ਲ ਚੋਰੀ ਕੀਤਾ ਅਤੇ ਫਿਰ ਉਸ ਡੀਜ਼ਲ ਨੂੰ ਉਸ ਟਰੱਕ ਵਿੱਚ ਪਾਇਆ ਜਿਸ ਵਿੱਚ ਉਨ੍ਹਾਂ ਨੇ ਕਣਕ ਲੋਡ ਕਰਨੀ ਸੀ। ਇਸ ਤੋਂ ਬਾਅਦ ਆਰਾਮ ਨਾਲ 400 ਬੋਰੇ ਕਣਕ ਟਰੱਕ ਵਿੱਚ ਲੱਦੀ ਅਤੇ ਟਰੱਕ ਸਮੇਤ ਫਰਾਰ ਹੋ ਗਏ। ਪਨਗ੍ਰੇਨ ਵਿਭਾਗ ਦੇ ਮੁਤਾਬਕ ਇਹ ਕਣਕ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਗਰੀਬ ਲੋਕਾਂ ਵਿੱਚ ਵੰਡੀ ਜਾਣੀ ਸੀ। ਵਿਭਾਗ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਸਰਕਾਰੀ ਗੋਦਾਮ ਵਿੱਚੋਂ ਕਣਕ ਅਤੇ ਟਰੱਕ ਚੋਰੀ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਲਾਕੇ ਅਤੇ ਹਾਈਵੇਅ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੇ ਰੂਟ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



