ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ‘ਚ ਮਾਤਮ: ਇੰਗਲੈਂਡ ਗਏ ਇਕਲੌਤੇ ਪੁੱਤਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਗੁਰਦਾਸਪੁਰ :  ਰੋਜ਼ੀ-ਰੋਟੀ ਦੀ ਭਾਲ ਅਤੇ ਉੱਚੇ ਸੁਪਨਿਆਂ ਦੀ ਪੂਰਤੀ ਲਈ ਸੱਤ ਸਮੁੰਦਰ ਪਾਰ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ…

ਗੁਰਦਾਸਪੁਰ :  ਰੋਜ਼ੀ-ਰੋਟੀ ਦੀ ਭਾਲ ਅਤੇ ਉੱਚੇ ਸੁਪਨਿਆਂ ਦੀ ਪੂਰਤੀ ਲਈ ਸੱਤ ਸਮੁੰਦਰ ਪਾਰ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇੰਗਲੈਂਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਨੰਗਲ ਬ੍ਰਾਹਮਣਾਂ ਦੇ 22 ਸਾਲਾ ਨੌਜਵਾਨ ਕੇਸ਼ਵ ਸ਼ਰਮਾ  ਦੀ ਮੌਤ ਹੋ ਗਈ। ਇਸ ਖ਼ਬਰ ਦੇ ਮਿਲਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਚਾਰ ਮਹੀਨੇ ਪਹਿਲਾਂ ਹੀ ਸਟਡੀ ਵੀਜ਼ੇ ਤੇ ਗਿਆ ਸੀ ਇੰਗਲੈਂਡ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਆਪਣੇ ਉੱਜਵਲ ਭਵਿੱਖ ਲਈ ਚਾਰ ਮਹੀਨੇ ਪਹਿਲਾਂ ਹੀ ਤਿੰਨ ਸਾਲ ਦੇ ਸਟਡੀ ਵੀਜ਼ੇ ‘ਤੇ ਇੰਗਲੈਂਡ ਗਿਆ ਸੀ। ਉਸ ਨੂੰ ਕੀ ਪਤਾ ਸੀ ਕਿ ਜਿਸ ਧਰਤੀ ‘ਤੇ ਉਹ ਸੁਪਨੇ ਸਜਾਉਣ ਗਿਆ ਹੈ, ਉਹੀ ਉਸ ਦੀ ਜਾਨ ਲੈ ਲਵੇਗੀ। ਜਾਣਕਾਰੀ ਅਨੁਸਾਰ ਇੰਗਲੈਂਡ ਵਿੱਚ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਕੇਸ਼ਵ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ।

ਭੈਣ ਦੀ ਮੰਗਣੀ ਤੇ ਆਉਣਾ ਸੀ ਇੰਡੀਆ, ਪਰ ਆਈ ਮੌਤ ਦੀ ਖ਼ਬਰ

ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਕੇਸ਼ਵ ਦੀ ਭੈਣ ਦੀ ਜਲਦ ਹੀ ਮੰਗਣੀ (Engagement) ਹੋਣ ਵਾਲੀ ਸੀ, ਜਿਸ ਦੇ ਲਈ ਉਸ ਨੇ ਭਾਰਤ ਵਾਪਸ ਆਉਣਾ ਸੀ। ਪਰਿਵਾਰ ਉਸ ਦੀ ਉਡੀਕ ਕਰ ਰਿਹਾ ਸੀ ਕਿ ਉਹ ਘਰ ਆ ਕੇ ਖੁਸ਼ੀਆਂ ਵਿੱਚ ਸ਼ਾਮਲ ਹੋਵੇਗਾ, ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਤਿੰਨ ਪਰਿਵਾਰਾਂ ਦਾ ਇਕਲੌਤਾ ਵਾਰਸ ਸੀ ਕੇਸ਼ਵ

ਕੇਸ਼ਵ ਸ਼ਰਮਾ ਆਪਣੇ ਦੋ ਸਗੀਆਂ ਭੈਣਾਂ ਦਾ ਇਕਲੌਤਾ ਭਰਾ ਸੀ। ਇੰਨਾ ਹੀ ਨਹੀਂ, ਉਹ ਆਪਣੇ ਚਾਚੇ-ਤਾਏ ਦੇ ਤਿੰਨਾਂ ਪਰਿਵਾਰਾਂ ਵਿੱਚੋਂ ਇਕਲੌਤਾ ਪੁੱਤਰ ਸੀ। ਪਰਿਵਾਰ ਦੇ ਇਕਲੌਤੇ ਚਿਰਾਗ ਦੇ ਬੁਝ ਜਾਣ ਕਾਰਨ ਘਰ ਵਿੱਚ ਚੀਕ-ਚਿਹਾੜਾ ਮਚਿਆ ਹੋਇਆ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਹਰ ਵਸਨੀਕ ਦੀ ਅੱਖ ਨਮ ਹੈ ਅਤੇ ਹਰ ਕੋਈ ਇਸ ਮੰਦਭਾਗੀ ਘਟਨਾ ‘ਤੇ ਡੂੰਘਾ ਅਫ਼ਸੋਸ ਜਤਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

https://livingindianews.co.in/terror-in-khamano-unidentified-motorcycle-borne-assailants-open-fire-at-garment-owners-house/

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *