ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ (IMD) ਮੁਤਾਬਕ 9 ਤੋਂ 15 ਅਗਸਤ ਦੇ ਦਰਮਿਆਨ ਦੇਸ਼ ਦੇ ਵੱਡੇ ਹਿੱਸੇ ਵਿੱਚ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਗਰਜ-ਚਮਕ, ਆਸਮਾਨੀ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਤਰ-ਪੱਛਮੀ ਪਹਾੜੀ ਰਾਜਾਂ, ਉੱਤਰ-ਪੂਰਬ ਅਤੇ ਮੱਧ ਭਾਰਤ ਵਿੱਚ ਭਾਰੀ ਮੀਂਹ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਸਕਦਾ ਹੈ।
ਭਾਰੀ ਮੀਂਹ ਅਤੇ ਲੈਂਡਸਲਾਈਡ ਦੀ ਚੇਤਾਵਨੀ
ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ 9 ਤੋਂ 15 ਅਗਸਤ ਤੱਕ ਲਗਾਤਾਰ ਮੀਂਹ ਪੈਣ ਦਾ ਅਨੁਮਾਨ ਹੈ। ਹਿਮਾਚਲ ਵਿੱਚ 10 ਅਤੇ 11 ਅਗਸਤ ਨੂੰ ਕੁਝ ਥਾਵਾਂ ‘ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਸੂਬੇ ਵਿੱਚ ਪਹਿਲਾਂ ਹੀ ਮੀਂਹ, ਹੜ੍ਹ ਅਤੇ ਭੂ-ਸਕਲਨ (Landslide) ਕਾਰਨ ਕਰੀਬ 835 ਕਰੋੜ ਰੁਪਏ ਦਾ ਨੁਕਸਾਨ ਅਤੇ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਵਿੱਚ ਵੀ 9 ਅਤੇ 10 ਅਗਸਤ ਨੂੰ ਭਾਰੀ ਮੀਂਹ ਦਾ ਰੈੱਡ ਅਲਰਟ ਹੈ, ਜਿਸ ਕਾਰਨ ਸੜਕਾਂ ਬੰਦ ਹੋਣ ਅਤੇ ਪਹਾੜ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ।
ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਹੜ੍ਹਾਂ ਕਾਰਨ ਹਾਲਾਤ ਗੰਭੀਰ
ਅਸਾਮ ਵਿੱਚ ਲਗਾਤਾਰ ਮੀਂਹ ਅਤੇ ਹੜ੍ਹਾਂ ਨੇ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸੂਬੇ ਵਿੱਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਪਹੁੰਚ ਗਈ ਹੈ। ਮੌਸਮ ਵਿਭਾਗ ਨੇ ਅਸਾਮ ਅਤੇ ਮੇਘਾਲਿਆ ਵਿੱਚ 9 ਤੋਂ 12 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਦਕਿ 13 ਤੋਂ 15 ਅਗਸਤ ਦੌਰਾਨ ਕੁਝ ਥਾਵਾਂ ‘ਤੇ ਬਹੁਤ ਭਾਰੀ ਮੀਂਹ ਪੈਣ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਵੀ 11 ਤੋਂ 15 ਅਗਸਤ ਤੱਕ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।
ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਬਣੇ ਜਲਭਰਾਵ ਦੇ ਹਾਲਾਤ
ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਬੱਦਲ ਖੁੱਲ੍ਹ ਕੇ ਵਰ੍ਹ ਰਹੇ ਹਨ। ਜੈਪੁਰ ਵਿੱਚ ਸਵੇਰੇ ਕੁਝ ਘੰਟਿਆਂ ਵਿੱਚ ਹੀ ਭਾਰੀ ਮੀਂਹ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ। ਮੱਧ ਪ੍ਰਦੇਸ਼ ਦੇ ਡਿੰਡੌਰੀ ਵਿੱਚ ਵੀ ਕਰੀਬ ਛੇ ਇੰਚ ਮੀਂਹ ਦਰਜ ਕੀਤਾ ਗਿਆ ਹੈ, ਜਿਸ ਨਾਲ ਨਦੀਆਂ ਅਤੇ ਨਾਲਿਆਂ ਦਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ।
ਯੂਪੀ ਅਤੇ ਦਿੱਲੀ-ਐਨਸੀਆਰ ਵਿੱਚ ਕਿਹੋ ਜਿਹਾ ਰਹੇਗਾ ਮੌਸਮ?
ਉੱਤਰ ਪ੍ਰਦੇਸ਼ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਵਿੱਚ 9 ਅਤੇ 10 ਅਗਸਤ ਨੂੰ ਕੁਝ ਸਥਾਨਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਦਿੱਲੀ-ਐਨਸੀਆਰ ਵਿੱਚ ਪੂਰੇ ਹਫ਼ਤੇ ਦੌਰਾਨ ਮੀਂਹ ਦੀ ਗਤੀਵਿਧੀ ਮੁਕਾਬਲਤਨ ਘੱਟ ਰਹਿਣ ਦੀ ਉਮੀਦ ਹੈ ਅਤੇ 9 ਤੋਂ 15 ਅਗਸਤ ਦੇ ਵਿਚਕਾਰ ਹਲਕੀ ਤੋਂ ਮੱਧਮ ਬਾਰਸ਼ ਹੀ ਦੇਖਣ ਨੂੰ ਮਿਲ ਸਕਦੀ ਹੈ।
ਪ੍ਰਸ਼ਾਸਨ ਅਤੇ ਮੌਸਮ ਵਿਭਾਗ ਦੀ ਸਲਾਹ
ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਆਉਣ ਵਾਲੇ ਕੁਝ ਦਿਨ ਬਹੁਤ ਸੰਵੇਦਨਸ਼ੀਲ ਰਹਿਣ ਵਾਲੇ ਹਨ। ਪਹਾੜੀ ਖੇਤਰਾਂ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਕਰਨ ਅਤੇ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖ਼ਾਸਕਰ ਹਿਮਾਚਲ ਪ੍ਰਦੇਸ਼, ਉਤਰਾਖੰਡ, ਅਸਾਮ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ



